ਹਰੀ ਕ੍ਰਾਂਤੀ ਲਿਆਉਣ ਵਾਲੇ ਸੂਬੇ ''ਚ ਵਿਕ ਰਹੇ ਚਿੱਟੇ ਜ਼ਹਿਰ ਲਈ ਅਕਾਲੀ-ਭਾਜਪਾ ਜ਼ਿੰਮੇਵਾਰ : ਬਿੱਟੂ

01/17/2017 4:22:22 PM

ਜਲਾਲਾਬਾਦ (ਗੁਲਸ਼ਨ) : ਸਾਂਸਦ ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਕਿਹਾ ਹੈਨ ਕਿ ਪੰਜਾਬ ਨੇ ਲੰਮੇ ਸਮੇਂ ਤੱਕ ਅੱਤਵਾਦ ਦਾ ਸੰਤਾਪ ਭੋਗਿਆ ਹੈ। ਪੰਜਾਬ ਅੰਦਰ ਕਾਂਗਰਸ ਦੀ ਦੇਣ ਸਦਕਾ ਬੜੀ ਮੁਸ਼ਕਿਲ ਨਾਲ ਅਮਨ ਸ਼ਾਂਤੀ ਦਾ ਮਾਹੋਲ ਕਾਇਮ ਹੋ ਸਕਿਆ ਸੀ ਪਰ ਅੱਜ ਇਕ ਵਾਰ ਫਿਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਖੁਸ਼ਹਾਲ ਸੂਬੇ ਨੂੰ ਨਸ਼ਾ ਰੂਪੀ ਅੱਤਵਾਦ ਵਿਚ ਧੱਕ ਦਿੱਤਾ ਹੈ ਜੋਕਿ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਟਿਕਟ ਮਿਲਣ ਉਪਰੰਤ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਲੰਮੇ ਹੱਥੀ ਲੈਂਦੇ ਕਿਹਾ ਕਿ ਅੱਜ ਪੰਜਾਬ ਅੰਦਰ ਵਿਕ ਰਹੇ ਨਸ਼ੇ ਲਈ ਸਿੱਧੇ ਤੌਰ ''ਤੇ ਹਾਕਮਧਿਰ ਜ਼ਿੰਮੇਵਾਰ ਹੈ।
ਰਵਨੀਤ ਨੇ ਕਿਹਾ ਕਿ ਪੰਜਾਬ ਅੰਦਰ ਇੰਡਸਟਰੀ ਨਾ ਹੋਣ ਕਾਰਨ ਪੜ੍ਹੇ ਲਿਖੇ ਬੇਰੋਜ਼ਗਾਰਾਂ ਦੀ ਗਿਣਤੀ ''ਚ ਤੇਜ਼ੀ ਨਾਲ ਵਾਧਾ ਦਰਜ਼ ਕੀਤਾ ਜਾ ਰਿਹਾ ਹੈ ਜਿਸ ਕਾਰਨ ਨੌਕਰੀਆਂ ਨਾ ਮਿਲਣ ਕਾਰਨ ਨਿਰਾਸ਼ਾ ''ਚ ਡੁੱਬੇ ਨੌਜਵਾਨ ਨਸ਼ੇ ਦਾ ਸਹਾਰਾ ਲੈ ਰਹੇ ਹਨ। ਬਿੱਟੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸੰਤਾਪ ਤੋਂ ਸੂਬੇ ਦੀ ਜਨਤਾ ਨੂੰ ਛੁਟਕਾਰਾ ਦਿਵਾਉਣ ਦਾ ਸਮਾਂ ਆ ਚੁੱਕਿਆ ਹੈ। ਪੰਜਾਬ ਅੰਦਰ ਕਾਂਗਰਸ ਸੱਤਾ ''ਚ ਆਉਣ ''ਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਸ਼ਿਕੰਜਾ ਕੱਸਿਆ ਜਾਵੇਗਾ। ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣਾ ਅਤੇ ਨਸ਼ੇ ਨੂੰ ਖਤਮ ਕਰਨਾ ਕਾਂਗਰਸ ਦੀ ਪਹਿਲ ਹੈ।

Gurminder Singh

This news is Content Editor Gurminder Singh