ਮੁਫਤ ਕਾਲਜ ਸਿੱਖਿਆ ਬੰਦ ਕਰ ਕਾਂਗਰਸ ਨੇ ਦਿੱਤਾ ਦਲਿਤ ਵਿਰੋਧੀ ਹੋਣ ਦਾ ਸਬੂਤ: ਬਾਦਲ

05/24/2018 2:07:34 PM

ਲੋਹੀਆਂ ਖਾਸ (ਮਨਜੀਤ)— ਗੱਟੀ ਪੀਰਬਖਸ਼, ਕਾਕੜ ਕਲਾਂ, ਰਾਈਵਾਲ ਬੇਟ, ਸਿੰਧੜ, ਟੁਰਨਾ, ਮੁਰੀਦਵਾਲ ਅਤੇ ਨਿਹਾਲੂਵਾਲ 'ਚ ਚੋਣ ਰੈਲੀਆਂ ਨੂੰ ਬੁੱਧਵਾਰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਦਲਿਤ ਵਿਦਿਆਰਥੀਆਂ ਵਾਸਤੇ ਮੁਫਤ ਕਾਲਜ ਸਿੱਖਿਆ ਕਾਂਗਰਸ ਸਰਕਾਰ ਨੇ ਬੰਦ ਕਰਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਜਦਕਿ ਅਕਾਲੀ-ਭਾਜਪਾ ਸਰਕਾਰ ਨੇ ਦਲਿਤ ਵਿਦਿਆਰਥੀਆਂ ਨੂੰ ਇਹ ਸਹੂਲਤ ਦੇਣ ਲਈ 1600 ਕਰੋੜ ਰੁਪਏ ਖਰਚ ਕੀਤੇ ਸਨ। ਕਿੰਨੇ ਸ਼ਰਮ ਦੀ ਗੱਲ ਹੈ ਕਿ ਕੇਂਦਰ ਕੋਲੋਂ ਵਜੀਫੇ ਸਬੰਧੀ ਰਾਸ਼ੀ ਹਾਸਲ ਕਰ ਲੈਣ ਦੇ ਬਾਵਜੂਦ ਸੂਬੇ ਦੀ ਕਾਂਗਰਸ ਸਰਕਾਰ ਵਿਦਿਆਰਥੀਆਂ ਨੂੰ ਇਹ ਵਜ਼ੀਫੇ ਨਹੀਂ ਵੰਡ ਰਹੀ।
ਉਨ੍ਹਾਂ ਨੇ ਕਿਹਾ ਕਿ ਦਲਿਤਾਂ ਪ੍ਰਤੀ ਸਰਕਾਰ ਦੇ ਇਸ ਬੇਕਿਰਕ ਅਤੇ ਅਣਮਨੁੱਖੀ ਵਤੀਰੇ ਕਰਕੇ ਹਜ਼ਾਰਾਂ ਦਲਿਤ ਵਿਦਿਆਰਥੀਆਂ ਨੂੰ ਕਾਲਜ ਦੀ ਪੜ੍ਹਾਈ ਛੱਡਣੀ ਪੈ ਗਈ ਹੈ, ਜਦਕਿ ਦਲਿਤਾਂ ਨੂੰ ਦਿੱਤੀਆਂ ਜਾਂਦੀਆਂ ਸਕੀਮਾਂ ਜਿਵੇਂ ਸ਼ਗਨ ਸਕੀਮ, ਕੁੜੀਆਂ ਨੂੰ ਮੁਫਤ ਸਾਈਕਲ, ਆਟਾ-ਦਾਲ, ਪੈਨਸ਼ਨਾਂ ਆਦਿ ਕੁਝ ਵੀ ਨਹੀਂ ਦਿੱਤਾ ਜਾ ਰਿਹਾ। ਤੀਰਥ ਅਸਥਾਨਾਂ ਦੀਆਂ ਯਾਤਰਾਵਾਂ ਕਰਵਾਉਣ ਲਈ ਸ਼ੁਰੂ ਕੀਤੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਨੂੰ ਵੀ ਕਾਂਗਰਸ ਨੇ ਬੰਦ ਕਰ ਦਿੱਤਾ ਹੈ। ਅਕਾਲੀ-ਭਾਜਪਾ ਸਰਕਾਰ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਦੀ ਸਾਂਭ-ਸੰਭਾਲ ਅਤੇ ਪ੍ਰਚਾਰ ਕਰਨ ਲਈ ਜਾਣੀ ਜਾਂਦੀ ਹੈ, ਜਦਕਿ ਕਾਂਗਰਸ ਸਰਕਾਰ ਇਨ੍ਹਾਂ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ। ਇਸ ਮੌਕੇ ਨਾਇਬ ਸਿੰਘ ਕੋਹਾੜ, ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ, ਬੀਬੀ ਜਗੀਰ ਕੌਰ ਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਸੰਬੋਧਨ ਕੀਤਾ।