ਸੁਖਬੀਰ ਦੇ ਦਰਬਾਰ ''ਚ ਮੈਂਬਰਾਂ ਨੇ ਕੱਢੀ ਰੱਜ ਕੇ ਭੜਾਸ

11/25/2017 5:05:32 AM

ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦੀਆਂ ਮੀਡੀਆ ਵਿਚ ਆਈਆਂ ਰਿਪੋਰਟਾਂ ਤੋਂ ਪਤਾ ਲੱਗਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਪਾਰਟੀ ਪ੍ਰਧਾਨ ਕੋਲ ਰੱਜ ਕੇ ਭੜਾਸ ਕੱਢੀ ਅਤੇ ਪਿਛਲੀ ਆਪਣੀ ਸਰਕਾਰ ਮੌਕੇ ਬਰਗਾੜੀ ਕਾਂਡ ਅਤੇ ਸਿਰਸਾ ਸਾਧ ਨੂੰ ਮੁਆਫੀ ਦੇਣੀ ਅਤੇ ਬੇਗੁਨਾਹ ਦੋ ਸਿੱਖ ਨੌਜਵਾਨਾਂ ਦੀ ਮੌਤ ਅਤੇ ਹੋਰ ਧਾਰਮਿਕ ਮਾਮਲੇ ਉਠਾਏ। ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਕਈ ਮੈਂਬਰਾਂ ਨੇ ਇਹ ਵੀ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਇਨ੍ਹਾਂ ਮਸਲਿਆਂ ਨੂੰ ਹੱਲ ਕਰ ਦਿੰਦੀ ਤਾਂ ਤੀਜੀ ਵਾਰ ਸਰਕਾਰ ਬਣ ਸਕਦੀ ਸੀ, ਇਸੇ ਲਈ ਅਕਾਲੀ ਦਲ ਨੂੰ ਪਹਿਲੀ ਵਾਰ ਵਿਰੋਧੀ ਧਿਰ ਦੀ ਕੁਰਸੀ ਵੀ ਨਸੀਬ ਨਹੀਂ ਹੋਈ। ਪਤਾ ਲੱਗਾ ਹੈ ਕਿ ਕਈ ਮੈਂਬਰ ਮੌਜੂਦਾ ਪ੍ਰਧਾਨ ਤੋਂ ਵੀ ਖਫ਼ਾ ਹਨ, ਜਿਨ੍ਹਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਪਿਛਲੇ 11 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਬਾਦਲ ਨੂੰ ਮੈਂਬਰਾਂ ਨਾਲ ਮÎੀਟਿੰਗ ਕਰਨੀ ਪਈ ਅਤੇ ਇਕੱਲੇ-ਇਕੱਲੇ ਦੇ ਸੁਝਾਅ ਲੈਣੇ ਪੈ ਰਹੇ ਹਨ। ਇਸ ਤੋਂ ਪਹਿਲਾਂ ਤਾਂ ਸਰਕਾਰ ਹੁੰਦੇ ਹੋਏ ਜਨਰਲ ਇਜਲਾਸ ਵਿਚ ਪ੍ਰਧਾਨ ਬਣਾਉਣ ਦਾ ਹਾਈਕਮਾਂਡ ਦਾ ਇਕ ਤਰ੍ਹਾਂ ਦਾ ਇਲਾਹੀ ਹੁਕਮ ਹੀ ਆਉਂਦਾ ਸੀ ਪਰ ਇਸ ਵਾਰ ਇਕੱਲੇ-ਇਕੱਲੇ ਨਾਲ ਮੀਟਿੰਗ ਕਰਨੀ ਪਈ, ਜਿਸ ਵਿਚ ਜ਼ਿਆਦਾਤਰ ਮੈਂਬਰਾਂ ਨੇ ਪੁਰਾਣੇ ਪ੍ਰਧਾਨ ਜਥੇਦਾਰ ਮੱਕੜ ਦੇ ਰੱਜ ਕੇ ਕਸੀਦੇ ਪੜ੍ਹੇ ਦੱਸੇ ਜਾਂਦੇ ਹਨ।