ਸੁਖਬੀਰ ਦੀ ਟੀਮ ''ਚ ਕਿਸੇ ਨੂੰ ਤਰੱਕੀ, ਕਈਆਂ ਦੇ ਖੰਭ ਕੁਤਰੇ

11/18/2017 6:37:01 AM

ਚੰਡੀਗੜ੍ਹ(ਹਰੀਸ਼ ਚੰਦਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਪੁਨਰਗਠਨ ਕਰਦਿਆਂ ਇਕ ਵੱਡਾ ਬਦਲਾਅ ਕੀਤਾ ਹੈ। ਸੱਤਾ ਵਿਚ ਰਹਿੰਦਿਆਂ ਅਕਾਲੀ ਦਲ ਦੇ ਕਈ ਨੇਤਾਵਾਂ ਨੂੰ ਸੰਗਠਨ ਵਿਚ ਥਾਂ ਦੇਣ ਵਾਲੇ ਸੁਖਬੀਰ ਬਾਦਲ ਨੇ ਹੁਣ ਵਿਰੋਧ ਵਿਚ ਆਉਣ 'ਤੇ ਕਈ ਨੇਤਾਵਾਂ ਦੀ ਪਾਰਟੀ ਅਹੁਦੇਦਾਰਾਂ ਦੇ ਪੈਨਲ ਤੋਂ ਛੁੱਟੀ ਕਰ ਦਿੱਤੀ ਹੈ। ਖਾਸ ਗੱਲ ਇਹ ਵੀ ਹੈ ਕਿ ਸੁਖਬੀਰ ਦੀ ਨਵੀਂ ਟੀਮ ਵਿਚ ਦਿੱਲੀ ਦੇ 2 ਵੱਡੇ ਅਕਾਲੀ ਨੇਤਾਵਾਂ ਅਵਤਾਰ ਸਿੰਘ ਹਿੱਤ ਤੇ ਓਂਕਾਰ ਸਿੰਘ ਥਾਪਰ ਨੂੰ ਵੀ ਕੋਈ ਅਹੁਦਾ ਨਹੀਂ ਦਿੱਤਾ ਗਿਆ ਹੈ, ਜਦਕਿ ਮਨਜਿੰਦਰ ਸਿੰਘ ਸਿਰਸਾ ਦਾ ਜਨਰਲ ਸਕੱਤਰ ਦਾ ਅਹੁਦਾ ਕਾਇਮ ਰਿਹਾ ਹੈ। ਧਿਆਨਯੋਗ ਹੈ ਕਿ ਅਹੁਦੇਦਾਰਾਂ ਦੀ ਪਹਿਲਾਂ ਦੀ ਸੂਚੀ ਵਿਚੋਂ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਤੋਤਾ ਸਿੰਘ, ਉਪਿੰਦਰਜੀਤ ਕੌਰ, ਗੁਰਦੇਵ ਸਿੰਘ ਬਾਦਲ, ਬੀਬੀ ਜਗੀਰ ਕੌਰ, ਅਵਤਾਰ ਸਿੰਘ ਹਿੱਤ ਤੇ ਭਾਈ ਮਨਜੀਤ ਸਿੰਘ ਦਾ ਨਾਂ ਗਾਇਬ ਹੈ ਜਦਕਿ ਗੁਰਦੇਵ ਬਾਦਲ ਦਾ ਦਿਹਾਂਤ ਹੋ ਚੁੱਕਾ ਹੈ। ਇਨ੍ਹਾਂ ਵਿਚੋਂ ਜਿਨ੍ਹਾਂ ਬਾਕੀ 4 ਨੇਤਾਵਾਂ ਦਾ ਨਵੇਂ ਗਠਿਤ ਢਾਂਚੇ ਵਿਚ ਸੀਨੀਅਰ ਉਪ ਪ੍ਰਧਾਨ ਅਹੁਦਾ ਬਰਕਰਾਰ ਰੱਖਦਿਆਂ 7 ਜਨਰਲ ਸਕੱਤਰਾਂ ਨੂੰ ਤਰੱਕੀ ਦੇ ਕੇ ਸੀਨੀਅਰ ਉਪ ਪ੍ਰਧਾਨ ਬਣਾਇਆ ਹੈ, ਜਿਨ੍ਹਾਂ ਵਿਚ ਮਹੇਸ਼ਇੰਦਰ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ, ਨਿਰਮਲ ਸਿੰਘ ਕਾਹਲੋਂ, ਜਨਮੇਜਾ ਸਿੰਘ ਸੇਖੋਂ, ਸੇਵਾ ਸਿੰਘ ਸੇਖਵਾਂ, ਨਰੇਸ਼ ਗੁਜਰਾਲ ਤੇ ਸ਼ਰਨਜੀਤ ਸਿੰਘ ਢਿੱਲੋਂ ਸ਼ਾਮਲ ਹਨ। ਚਰਨਜੀਤ ਸਿੰਘ ਅਟਵਾਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਡਾ. ਦਲਜੀਤ ਚੀਮਾ ਵੀ ਸੀਨੀਅਰ ਉਪ ਪ੍ਰਧਾਨ ਬਣਾਏ ਗਏ ਹਨ। ਡਾ. ਚੀਮਾ ਪਹਿਲਾਂ ਪਾਰਟੀ ਸਕੱਤਰ ਦੇ ਅਹੁਦੇ 'ਤੇ ਸਨ।  4 ਸਾਬਕਾ ਜਨਰਲ ਸਕੱਤਰਾਂ ਨੂੰ ਸੁਖਬੀਰ ਬਾਦਲ ਦੀ ਨਵੀਂ ਲਿਸਟ ਵਿਚ ਥਾਂ ਨਹੀਂ ਮਿਲੀ ਹੈ। ਇਨ੍ਹਾਂ ਵਿਚੋਂ ਅਵਤਾਰ ਸਿੰਘ ਬਰਾੜ ਦਾ ਦਿਹਾਂਤ ਹੋ ਚੁੱਕਿਆ ਹੈ, ਜਦਕਿ ਸਰਬਣ ਸਿੰਘ ਫਿਲੌਰ ਬੀਤੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਦੇਸ਼ ਦੇ ਪ੍ਰਮੁੱਖ ਉਦਮੀ ਤੇ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਰਾਜਿੰਦਰ ਗੁਪਤਾ ਦਾ ਝੁਕਾਅ ਵੀ ਹੁਣ ਕਾਂਗਰਸ ਵੱਲ ਹੋ ਚੁੱਕਾ ਹੈ। ਹੀਰਾ ਸਿੰਘ ਗਾਬੜੀਆ ਭਾਵੇਂ ਪਾਰਟੀ ਜਨਰਲ ਸਕੱਤਰ ਨਹੀਂ ਬਣਾਏ ਗਏ ਪਰ ਉਹ ਬੈਕਵਰਡ ਕਲਾਸ ਸੈੱਲ ਦੇ ਮੁਖੀ ਰਹਿਣਗੇ। ਡਾ. ਰਤਨ ਸਿੰਘ ਅਜਨਾਲਾ, ਬਿਕਰਮ ਸਿੰਘ ਮਜੀਠੀਆ ਹੀ ਸਾਬਕਾ ਜਨਰਲ ਸਕੱਤਰਾਂ ਵਿਚ ਆਪਣੇ ਅਹੁਦੇ ਬਰਕਰਾਰ ਰੱਖਣ ਵਿਚ ਕਾਮਯਾਬ ਰਹੇ ਹਨ। ਜੀਤ ਮੋਹਿੰਦਰ ਸਿੰਘ ਸਿੱਧੂ ਨੂੰ ਹੁਣ ਉਪ ਪ੍ਰਧਾਨ ਤੋਂ ਜਨਰਲ ਸਕੱਤਰ ਬਣਾਇਆ ਗਿਆ ਹੈ। ਇਕ ਵੱਡਾ ਕਦਮ ਚੁੱਕਦਿਆਂ ਸੁਖਬੀਰ ਨੇ 2 ਦਰਜਨ ਉਪ ਪ੍ਰਧਾਨਾਂ ਨੂੰ ਆਪਣੀ ਨਵੀਂ ਗਠਿਤ ਟੀਮ 'ਚੋਂ ਬਾਹਰ ਕਰ ਦਿੱਤਾ ਹੈ। ਇਨ੍ਹਾਂ ਵਿਚ ਹਰੀ ਸਿੰਘ ਜ਼ੀਰਾ, ਗੋਬਿੰਦ ਸਿੰਘ ਲੌਂਗੋਵਾਲ, ਚੌ. ਨੰਦ ਲਾਲ, ਪ੍ਰਕਾਸ਼ ਚੰਦ ਗਰਗ, ਰਾਜਿੰਦਰ ਸਿੰਘ ਕਾਂਜਲਾ, ਓਂਕਾਰ ਸਿੰਘ ਥਾਪਰ, ਅਮਰੀਕ ਸਿੰਘ ਆਲੀਵਾਲ, ਭਾਈ ਰਾਮ ਸਿੰਘ, ਮੁਨੱਵਰ ਮਸੀਹ, ਸ਼ੇਰ ਸਿੰਘ ਘੁਬਾਇਆ, ਮਹੇਸ਼ ਇੰਦਰ ਸਿੰਘ, ਅਜੀਤ ਸਿੰਘ ਸ਼ਾਂਤ, ਅਮਰੀਕ ਸਿੰਘ ਵਰਪਾਲ, ਰਮਨਦੀਪ ਸਿੰਘ ਭਰਵਾਲ, ਮੁਹੰਮਦ ਇਜ਼ਹਾਰ ਆਲਮ, ਭਗਵਾਨ ਦਾਸ ਜੁਨੇਜਾ, ਅਮਰਜੀਤ ਸਿੰਘ ਚਾਵਲਾ, ਮੱਖਣ ਸਿੰਘ ਨੰਗਲ, ਜਗਦੀਪ ਸਿੰਘ ਚੀਮਾ, ਸਵਰਨ ਸਿੰਘ ਚਨਾਰਥਲ, ਬਾਵਾ ਸਿੰਘ ਗੁਮਾਨਪੁਰਾ ਤੇ ਸੁਖਦੇਵ ਸਿੰਘ ਗੋਬਿੰਦਗੜ੍ਹ ਸ਼ਾਮਲ ਸਨ। ਸਾਬਕਾ ਉੁਪ ਪ੍ਰਧਾਨਾਂ ਵਿਚੋਂ ਸਿਰਫ਼ ਜੀਤ ਮਹਿੰਦਰ ਸਿੰਘ ਨੂੰ ਹੀ ਨਵੇਂ ਅਹੁਦੇਦਾਰਾਂ ਵਿਚ ਬਤੌਰ ਜਨਰਲ ਸਕੱਤਰ ਸ਼ਾਮਲ ਕੀਤਾ ਗਿਆ ਹੈ। ਮਹੇਸ਼ਇੰਦਰ ਸਿੰਘ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਜਦਕਿ ਘੁਬਾਇਆ ਬੇਸ਼ੱਕ ਫਿਰੋਜ਼ਪੁਰ ਤੋਂ ਪਾਰਟੀ ਸੰਸਦ ਮੈਂਬਰ ਹੋਣ ਪਰ ਉਨ੍ਹਾਂ ਨੇ ਪਾਰਟੀ ਪ੍ਰੋਗਰਾਮਾਂ ਤੋਂ ਲੰਬੇ ਸਮੇਂ ਤੋਂ ਦੂਰੀ ਬਣਾਈ ਹੋਈ ਹੈ। ਉਨ੍ਹਾਂ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਹਨ।