ਸੁਖਬੀਰ ਬਾਦਲ ਦਾ ਮੀਡੀਆ ਸਾਹਮਣੇ ਸੁਖਪਾਲ ਖਹਿਰਾ 'ਤੇ ਤਿੱਖਾ ਹਮਲਾ, ਜਾਣੋ ਕੀ ਬੋਲੇ

11/17/2017 4:48:18 PM

ਚੰਡੀਗੜ੍ਹ : ਇੱਥੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ 'ਆਪ' ਵਿਧਾਇਕ ਸੁਖਪਾਲ ਖਹਿਰਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਖਪਾਲ ਖਹਿਰਾ ਨੂੰ ਕੋਈ ਜ਼ਮਾਨਤ ਨਹੀਂ ਦਿੱਤੀ ਅਤੇ ਅਦਾਲਤ ਨੇ ਵੀ ਮੰਨਿਆ ਹੈ ਕਿ ਇਸ ਮਾਮਲੇ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਰੰਜਿਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਅਕਾਲੀ ਦਲ ਨੂੰ ਡਰੱਗ ਤਸਕਰੀ ਦੇ ਨਾਂ 'ਤੇ ਬਦਨਾਮ ਕਰਦੀ ਰਹੀ ਹੈ ਪਰ ਉਨ੍ਹਾਂ ਦੇ ਆਪਣੇ ਹੀ ਆਗੂ ਨਸ਼ਾ ਤਸਕਰੀ ਦੇ ਮਾਮਲਿਆਂ ਨਾਲ ਜੁੜੇ ਹੋਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅਦਾਲਤ ਨੇ ਵੀ ਕਿਹਾ ਹੈ ਕਿ ਸੁਖਪਾਲ ਖਹਿਰਾ ਡਰੱਗ ਤਸਕਰੀ ਦਾ ਕਿੰਗਪਿਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨ ਵਿੰਨ੍ਹਦਿਆਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਪੁਲਸ ਨੇ ਸੁਖਪਾਲ ਖਹਿਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੀ ਜਨਤਾ ਤੋਂ ਬੁਰਾ ਕੋਈ ਨਹੀਂ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਤਾਂ ਸੁਖਪਾਲ ਖਹਿਰਾ ਖਿਲਾਫ ਸਾਰੇ ਸਬੂਤ ਮਿਲ ਗਏ ਹਨ, ਇਸ ਲਈ ਪੰਜਾਬ ਦੇ ਡੀ. ਜੀ. ਪੀ. ਨੂੰ ਸੁਖਪਾਲ ਖਹਿਰਾ ਨੂੰ ਤੁਰੰਤ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ।