ਹਜ਼ੂਰ ਸਾਹਿਬ ਤੋਂ ਸੰਗਤ ਦੀ ਵਾਪਸੀ ਦੇ ਪ੍ਰਬੰਧਾਂ ''ਚ ਵਰਤੀ ਕੋਤਾਹੀ ਲਈ ਕੈਪਟਨ ਮੰਗਣ ਮੁਆਫੀ: ਸੁਖਬੀਰ

05/02/2020 10:14:04 AM

ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ 'ਚ ਕੋਤਾਹੀ ਵਰਤਣ ਲਈ ਸਿੱਖ ਕੌਮ ਕੋਲੋਂ ਮੁਆਫੀ ਮੰਗਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿਹਤ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਅਹੁਦੇ 'ਤੋਂ ਹਟਾਉਣ ਦੀ ਵੀ ਮੰਗ ਕੀਤੀ, ਜਿਸ ਕਰਕੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਕੋਵਿਡ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਦੀ ਮਾਰ ਦਾ ਦਰਦ ਬਿਆਨ ਕਰਦੀ ਇਹ ਤਸਵੀਰ, ਬੀਮਾਰ ਪਤੀ ਨੂੰ ਟੈਂਪੂ ਜ਼ਰੀਏ ਇੰਝ ਲੈ ਕੇ ਬੈਂਕ ਪੁੱਜੀ ਪਤਨੀ

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਇਸ ਸੰਕਟ ਦੀ ਇਸ ਘੜੀ 'ਚ ਲੋੜੀਂਦੀ ਅਗਵਾਈ ਦੇਣ 'ਚ ਨਾਕਾਮ ਸਾਬਤ ਹੋਏ ਅਤੇ ਉਨ੍ਹਾਂ ਨੇ ਵਾਪਸੀ ਦੇ ਇਸ ਸਮੁੱਚੇ ਆਪਰੇਸ਼ਨ ਨੂੰ ਇਕ ਮੁਸੀਬਤ ਬਣਾ ਦਿੱਤਾ ਹੈ। ਜਿਸ ਤਰੀਕੇ ਨਾਲ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੀ ਬੇਕਦਰੀ ਕੀਤੀ ਹੈ, ਉਸ ਤੋਂ ਪਤਾ ਚੱਲਦਾ ਹੈ ਕਿ ਜਦੋਂ ਤੋਂ ਸੂਬੇ ਅੰਦਰ ਕਰਫਿਊ ਲੱਗਿਆ ਹੈ, ਇਸ ਨੇ ਸਮਾਜ ਦੇ ਹਰ ਵਰਗ ਨਾਲ ਇਸੇ ਤਰ੍ਹਾਂ ਬਦਸਲੂਕੀ ਕੀਤੀ ਹੈ।

ਸਿਹਤ ਮੰਤਰੀ ਦੇਣ ਆਪਣੇ ਅਹੁਦੇ ਤੋਂ ਅਸਤੀਫਾ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ, ਉਨ੍ਹਾਂ ਨੂੰ ਸ਼ਰਧਾਲੂਆਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਨਾ ਚੁੱਕ ਕੇ ਵਿਖਾਈ ਅਪਰਾਧਿਕ ਲਾਪਰਵਾਹੀ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਤੁਰੰਤ ਅਹੁਦੇ 'ਤੋਂ ਹਟਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਰਧਾਲੂਆਂ ਨੂੰ ਲਿਆਉਣ ਸਮੇਂ ਯਾਤਰਾ ਦੌਰਾਨ ਸਿਹਤ ਸੁਰੱਖਿਆ ਸਬੰਧੀ ਸਾਵਧਾਨੀਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਸ਼ਰਧਾਲੂਆਂ ਨੂੰ ਕੁਆਰੰਟਾਈਨ ਅਤੇ ਟੈਸਟ ਕਰਕੇ ਅੱਗੇ ਭੇਜਣ ਤੋਂ ਪਹਿਲਾਂ ਇੱਕ ਥਾਂ 'ਤੇ ਇਕੱਠੇ ਨਹੀਂ ਕੀਤਾ ਗਿਆ, ਸਾਰੇ ਨਿਯਮਾਂ ਦੀ ਉਲੰਘਣਾ ਕਰਦਿਆਂ ਉਹਨਾਂ ਨੂੰ ਵੱਖ-ਵੱਖ ਥਾਵਾਂ 'ਤੇ ਉਤਾਰ ਦਿੱਤਾ ਗਿਆ। ਇਸ ਵੱਡੀ ਲਾਪ੍ਰਵਾਹੀ ਲਈ ਸਿਰਫ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਸਰਕਾਰ ਵੱਲੋਂ ਆਪਣੀ ਗਲਤੀ ਸਵੀਕਾਰ ਕਰਨ ਦੀ ਬਜਾਏ ਸ਼ਰਧਾਲੂਆਂ ਨੂੰ ਬਲੀ ਦੇ ਬੱਕਰੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਕਾਲੀ ਦਲ ਅਜਿਹਾ ਨਹੀਂ ਹੋਣ ਦੇਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸੇ ਵੀ ਸ਼ਰਧਾਲੂ ਜਾਂ ਸ੍ਰੀ ਹਜ਼ੂਰ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ।

ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਵੇਰਵੇ ਲੈ ਕੇ ਉਨ੍ਹਾਂ ਨੂੰ ਕੁਆਰੰਟਾਈਨ ਕਰਨ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਇਸ ਮੰਤਵ ਲਈ ਸਰਕਾਰ ਐੱਸ. ਜੀ. ਪੀ. ਸੀ. ਦੀਆਂ ਸਰਾਂਵਾਂ ਦਾ ਇਸਤੇਮਾਲ ਕਰ ਸਕਦੀ ਸੀ ਪਰ ਅਜਿਹਾ ਕਰਨ ਦੀ ਥਾਂ ਅਧਿਕਾਰੀਆਂ ਨੂੰ ਆਪਾ-ਵਿਰੋਧੀ ਸੁਨੇਹੇ ਦਿੱਤੇ ਗਏ। ਪਹਿਲਾਂ 24 ਅਤੇ 25 ਅਪ੍ਰੈਲ ਨੂੰ ਸ਼ਰਧਾਲੂਆਂ ਨੂੰ ਆਪਣੇ ਘਰ ਜਾਣ ਦੀ ਆਗਿਆ ਦੇ ਦਿੱਤੀ ਅਤੇ ਫਿਰ 27 ਅਪ੍ਰੈਲ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤਾ ਕਿ ਸ਼ਰਧਾਲੂਆਂ ਨੂੰ ਕੁਆਰੰਟਾਈਨ ਕੀਤਾ ਜਾਣਾ ਚਾਹੀਦਾ ਹੈ ਅਤੇ ਫਿਰ ਟੈਸਟ ਤੋਂ ਬਾਅਦ ਹੀ ਘਰ ਜਾਣ ਦੀ ਆਗਿਆ ਦੇਣੀ ਚਾਹੀਦੀ ਹੈ। ਸਰਕਾਰੀ ਪ੍ਰਬੰਧਾਂ 'ਚ ਅਜਿਹੀ ਕੋਤਾਹੀ ਹੀ ਪੰਜਾਬ ਅੰਦਰ ਕੋਵਿਡ ਕੇਸਾਂ 'ਚ ਵਾਧੇ ਅਤੇ ਇੰਨੇ ਲੰਬੇ ਕਰਫਿਊ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ : ਵੀਡੀਓ 'ਚ ਖੋਲ੍ਹੀ ਹਵਾਲਾਤੀਆਂ ਨੇ ਜੇਲ ਪ੍ਰਸ਼ਾਸਨ ਦੀ ਪੋਲ, ਥਰਡ ਡਿਗਰੀ ਟਾਰਚਰ ਦੇ ਲਾਏ ਦੋਸ਼

shivani attri

This news is Content Editor shivani attri