''ਸੁਖਬੀਰ'' ਕਿੰਨੇ ਪਾਣੀ ''ਚ, ਦੱਸਣਗੇ 2 ਸੂਬਿਆਂ ਦੇ ਚੋਣ ਨਤੀਜੇ

10/10/2019 11:26:35 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵਾਰ ਗੁਆਂਢੀ ਸੂਬੇ ਹਰਿਆਣਾ 'ਚ ਆਪਣੀ ਗਠਜੋੜ ਵਾਲੀ ਪਾਰਟੀ ਭਾਜਪਾ ਨੂੰ ਦਿਨ ਵੇਲੇ ਤਾਰੇ ਦਿਖਾਉਣ ਲਈ ਬਾਗੀ ਹੋ ਗਏ ਹਨ ਅਤੇ ਇਨੈਲੋ ਨਾਲ ਮਿਲ ਕੇ ਚੋਣ ਲੜ ਰਹੇ ਹਨ, ਜਦੋਂ ਕਿ ਪੰਜਾਬ 'ਚ ਭਾਜਪਾ ਨਾਲ ਰਲ ਕੇ ਦਾਖਾ, ਜਲਾਲਾਬਾਦ, ਮੁਕੇਰੀਆਂ ਅਤੇ ਫਗਵਾੜਾ 'ਚ ਜ਼ਿਮਨੀ ਚੋਣ ਲੜ ਰਹੇ ਹਨ।

ਦੋਹਾਂ ਪਾਰਟੀਆਂ ਲਈ ਇਹ ਚੋਣ ਵੱਡਾ ਵੱਕਾਰ ਦਾ ਸਵਾਲ ਮੰਨਿਆ ਜਾ ਰਿਹਾ ਹੈ ਕਿਉਂਕਿ ਹਰਿਆਣਾ 'ਚ ਭਾਜਪਾ ਨਿਰੋਲ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦੀ ਤਾਂਘ 'ਚ ਹੈ, ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਰਿਆਣਾ 'ਚ ਆਪਣੀ ਹੋਂਦ ਅਤੇ ਰਾਜਸੀ ਹੱਥ ਦਿਖਾਉਣ ਲਈ ਚਾਚੇ ਚੌਟਾਲੇ ਦੀ ਪਾਰਟੀ ਨਾਲ ਘਿਓ-ਖਿਚੜੀ ਹੋਏ ਹਨ। ਇਸ ਤਰ੍ਹਾਂ ਪੰਜਾਬ 'ਚ ਅਕਾਲੀ ਦਲ ਦਾਖਾ-ਜਲਾਲਾਬਾਦ 'ਚ ਚੋਣ ਲੜ ਰਿਹਾ ਹੈ ਅਤੇ ਉਹ ਦੋਹਾਂ ਥਾਵਾਂ 'ਤੇ ਜਿੱਤ ਲਈ ਪੂਰੀ ਵਾਹ ਲਾ ਰਿਹਾ ਹੈ ਤਾਂ ਜੋ 2022 'ਚ ਅਕਾਲੀ ਦਲ ਦੀ ਸਰਕਾਰ ਦਾ ਰਾਹ ਪੱਧਰਾ ਹੋ ਸਕੇ, ਜਦੋਂ ਕਿ ਭਾਜਪਾ ਪੰਜਾਬ 'ਚ ਆਪਣੇ 2 ਹਲਕਿਆਂ 'ਚ ਜਿੱਤ ਦਰਜ ਕਰਨ ਲਈ ਪੱਬਾਂ ਭਾਰ ਦੱਸੀ ਜਾ ਰਹੀ ਹੈ।

ਪੰਜਾਬ-ਹਰਿਆਣਾ ਚੋਣ ਨਤੀਜੇ ਇਸ ਵਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਾਜਸੀ ਭਵਿੱਖ ਦਾ ਨਿਤਾਰਾ ਕਰਨਗੇ ਕਿ ਹਰਿਆਣਾ 'ਚ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਕੇ ਸ. ਬਾਦਲ ਕਿੰਨੇ ਕੁ ਪਾਣੀ 'ਚ ਹਨ। ਪੰਜਾਬ ਵਿਚਲੀਆਂ 2 ਸੀਟਾਂ ਦਾਖਾ ਅਤੇ ਜਲਾਲਾਬਾਦ ਦੇ ਨਤੀਜੇ ਦੱਸ ਦੇਣਗੇ ਕਿ 2022 ਨੇੜੇ ਹੈ ਜਾਂ ਅਜੇ ਵੀ ਦੂਰ ਹੈ।

Babita

This news is Content Editor Babita