ਲੋਕ ਸਭਾ ਚੋਣਾਂ ਲਈ ਜਲਦੀ ਕੀਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ: ਸੁਖਬੀਰ ਬਾਦਲ

02/21/2019 10:27:42 AM

ਕੁਰਾਲੀ (ਬਠਲਾ)— ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ ਅਤੇ ਇਨ੍ਹਾਂ ਚੋਣਾਂ 'ਚ ਅਕਾਲੀ ਦਲ ਟਕਸਾਲੀ ਦਾ ਅਕਾਲੀ ਦਲ ਬਾਦਲ ਨੂੰ ਕੋਈ ਫਰਕ ਨਹੀਂ ਪਵੇਗਾ। ਉਕਤ ਵਿਚਾਰ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਫਤਿਹਗੜ੍ਹ ਪੈਲੇਸ 'ਚ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹਲਕਾ ਖਰੜ ਦੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਮਗਰੋਂ ਸੰਬੋਧਨ ਕਰਦੇ ਹੋਏ ਪੇਸ਼ ਕੀਤੇ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਲਈ ਵੱਡੇ ਪ੍ਰਾਜੈਕਟ ਲਿਆਂਦੇ ਸਨ ਪਰ ਕੈਪਟਨ ਸਰਕਾਰ ਆਉਣ 'ਤੇ ਪੰਜਾਬ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਅਤੇ ਪੰਜਾਬ ਦੇ ਮਸਲਿਆਂ ਵੱਲ ਧਿਆਨ ਨਹੀਂ ਹੈ। ਕੈਪਟਨ ਸਰਕਾਰ ਕਈ ਕਰੋੜ ਦੇ ਅਨੁਸੂਚਿਤ ਜਾਤੀ ਦੇ ਸਟੂਡੈਂਟਸ ਦੇ ਵਜ਼ੀਫੇ ਜਾਰੀ ਕਰਨ 'ਚ ਵੀ ਅਸਫਲ ਰਹੀ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਕਰਜ਼ਾ ਮੁਆਫੀ ਸਮੇਤ ਆਪਣੇ ਹਰੇਕ ਵਾਅਦੇ ਨੂੰ ਪੂਰਾ ਕਰਨ ਤੋਂ ਨੱਠ ਰਹੀ ਹੈ, ਜਿਸ ਕਾਰਨ ਪੰਜਾਬ ਦਾ ਹਰੇਕ ਵਰਗ ਕੈਪਟਨ ਤੋਂ ਦੁਖੀ ਹੈ। 

ਆਮ ਆਦਮੀ ਪਾਰਟੀ 'ਤੇ ਵਰ੍ਹਦੇ ਹੋਏ ਬਾਦਲ ਨੇ ਕਿਹਾ ਕਿ ਪੰਜਾਬ ਦਾ ਹੁਣ ਟੋਪੀ ਵਾਲਿਆਂ ਤੋਂ ਪਿੱਛਾ ਛੁੱਟ ਗਿਆ ਹੈ, ਜਿਸ ਨੇ ਬੀਤੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦਾ ਨੁਕਸਾਨ ਕੀਤਾ ਸੀ। ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੀਆਂ ਮੰਗਾਂ ਉਠਾਈਆਂ ਹਨ ਪਰ ਸਾਡੇ ਕਈ ਸੰਸਦ ਮੈਂਬਰ ਆਪਣਾ ਹਲਕੇ ਦੇ ਲੋਕਾਂ ਦਾ ਪੱਖ ਰੱਖਣ 'ਚ ਅਸਮਰਥ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਟਕਸਾਲੀ ਦਲ ਵੱਲੋਂ ਐਲਾਨੇ ਉਮੀਦਵਾਰ ਬੀਰਦਵਿੰਦਰ ਸਿੰਘ ਦੀ ਪੰਜਾਬ ਪ੍ਰਤੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਹੈ। ਇਸ ਮੌਕੇ ਹਲਕਾ ਖਰੜ ਦੇ ਮੁੱਖ ਸੇਵਾਦਾਰ ਰਾਣਾ ਰਣਜੀਤ ਸਿੰਘ ਗਿੱਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਐੱਸ. ਜੀ. ਪੀ. ਸੀ. ਮੈਂਬਰ ਚਰਨਜੀਤ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਰਣਧੀਰ ਸਿੰਘ ਧੀਰਾ, ਪਾਲਇੰਦਰ ਸਿੰਘ ਬਾਠ, ਰਵਿੰਦਰ ਸਿੰਘ ਖੇੜਾ, ਮਨਜੀਤ ਸਿੰਘ ਮੁੰਧੋਂ, ਬਿੱਟੂ ਖੁੱਲਰ, ਅਰਜੁਨ ਸਿੰਘ, ਕ੍ਰਿਸ਼ਨਾ ਦੇਵੀ, ਹਰਮੇਸ਼ ਰਾਣਾ, ਦਵਿੰਦਰ ਠਾਕੁਰ, ਰਾਜਦੀਪ ਸਿੰਘ, ਐੱਸ. ਸੀ. ਵਿੰਗ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ, ਕਿਸਾਨ ਆਗੂ ਸਰਬਜੀਤ ਸਿੰਘ ਕਾਦੀਮਾਜਰਾ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ।

shivani attri

This news is Content Editor shivani attri