''ਸੁਖਬੀਰ ਆਪਣੇ ਆਪ ਨੂੰ ਆਉਣ ਵਾਲਾ ਮੁੱਖ ਮੰਤਰੀ ਦੱਸ ਵੋਟਰਾਂ ''ਤੇ ਪਾ ਰਿਹੈ ਡੋਰੇ''

05/06/2019 7:33:02 PM

ਜਲਾਲਾਬਾਦ,(ਸੇਤੀਆ): ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਲਾਲਾਬਾਦ ਹਲਕੇ ਅੰਦਰ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਡੋਰੇ ਪਾਏ ਜਾ ਰਹੇ ਹਨ ਅਤੇ ਪਰ ਫਿਰੋਜ਼ਪੁਰ ਦੇ ਲੋਕ ਬਹੁਤ ਸੂਝਵਾਨ ਹਨ, ਜੋ ਸੁਖਬੀਰ ਬਾਦਲ ਦੇ ਇਨ੍ਹਾਂ ਝੂਠੇ ਵਾਅਦਿਆਂ 'ਚ ਨਹੀਂ ਆਉਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਆਗੂ ਸ਼ੇਰ ਸਿੰਘ ਘੁਬਾਇਆ ਨੇ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ 2017 ਦੀਆਂ ਚੋਣਾਂ 'ਚ ਵੀ ਪੰਜਾਬ ਦੇ ਵੋਟਰਾਂ ਨੂੰ ਵੱਡੇ- ਵੱਡੇ ਸਬਜਬਾਗ ਦਿਖਾਏ ਸਨ ਕਿ ਪੰਜਾਬ ਅੰਦਰ ਵੱਡੀਆਂ ਇੰਡਸਟਰੀਆਂ ਲਗਾਵਾਂਗੇ ਤੇ ਬੇਰੁਜ਼ਗਾਰੀ ਖਤਮ ਕਰਾਂਗੇ ਪਰ ਪੰਜਾਬ ਦੀ ਜਨਤਾ ਨੇ ਝੂਠੇ ਲਾਅਰਿਆਂ ਤੋਂ ਬਚਦੇ ਹੋਏ ਸਿਰਫ ਅਕਾਲੀ ਦਲ ਭਾਜਪਾ ਨੂੰ 18 ਸੀਟਾਂ 'ਤੇ ਸਮੇਟ ਦਿੱਤਾ ਤੇ ਉਨ੍ਹਾਂ ਨੂੰ ਵਿਰੋਧੀ ਪਾਰਟੀ ਵਜੋਂ ਵੀ ਬੈਠਣ ਦੀ ਜਗ੍ਹਾ ਨਹੀਂ ਮਿਲੀ। ਘੁਬਾਇਆ ਨੇ ਵੋਟਰਾਂ ਨੂੰ ਸੁਚੇਤ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲੈਣ ਦਾ ਸਮਾਂ ਤੁਹਾਡੇ ਕੋਲ ਆ ਗਿਆ ਹੈ ਤੇ ਹੁਣ ਲੋਕ ਅਕਾਲੀ-ਭਾਜਪਾ ਦੇ ਵਿਰੋਧ 'ਚ ਫਤਵਾ ਦੇ ਕੇ ਇਨ੍ਹਾਂ ਦੀਆਂ ਜੜਾਂ ਪੰਜਾਬ 'ਚੋਂ ਖਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਇਹ ਸਪੱਸ਼ਟ ਕਰ ਲਵੇ ਕਿ ਉਹ ਲੋਕ ਸਭਾ 'ਚ ਸੇਵਾ ਕਰਨਾ ਚਾਹੁੰਦੇ ਹਨ ਕਿ ਪਹਿਲਾਂ ਹੀ ਸ਼੍ਰੋਅਦ ਦਾ ਆਉਣ ਵਾਲਾ ਮੁੱਖ ਮੰਤਰੀ ਦੱਸ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿੰਘਾਸਣ ਤੋਂ ਲਾਹੁਣਾ ਚਾਹੁੰਦੇ ਹਨ। ਘੁਬਾਇਆ ਨੇ ਕਿਹਾ ਕਿ ਜਿਹੜੇ ਉਮੀਂਦਵਾਰ ਹੁਣੇ ਤੋਂ ਹੀ ਵਿਧਾਨ ਸਭਾ 'ਚ ਜਾਣ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ। ਅਜਿਹੇ ਉਮੀਂਦਵਾਰਾਂ ਦੇ ਚੋਣ ਮੈਦਾਨ 'ਚ ਉਤਰਨ ਨਾਲ ਜਨਤਾ 'ਤੇ ਹੀ ਖਰਚੇ ਦਾ ਬੋਝ ਪੈਣਾ ਹੈ।