ਸਹਾਰਨਪੁਰ ਰੈਲੀ ਸਬੰਧੀ ਵਰਕਰਾਂ ''ਚ ਭਾਰੀ ਉਤਸ਼ਾਹ : ਚੰਦੂਮਾਜਰਾ

09/23/2018 8:56:26 AM

ਚੰਡੀਗੜ੍ਹ/ਪਟਿਆਲਾ (ਪਰਮੀਤ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ 25 ਸਤੰਬਰ ਨੂੰ ਸਹਾਰਨਪੁਰ ਵਿਖੇ ਕੀਤੀ ਜਾ ਰਹੀ ਅਕਾਲੀ ਦਲ ਦੀ ਪਲੇਠੀ ਰੈਲੀ ਨਵਾਂ ਇਤਿਹਾਸ ਸਿਰਜੇਗੀ। ਇਸ ਰੈਲੀ ਲਈ ਪਾਰਟੀ ਪ੍ਰਧਾਨ ਦੇ ਹੁਕਮਾਂ 'ਤੇ 2 ਦਿਨ ਯੂ. ਪੀ. ਵਿਚ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਮੀਟਿੰਗਾਂ ਕਰਨ ਉਪਰੰਤ ਪੰਜਾਬ ਪਰਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰੈਲੀ ਦੀ ਤਿਆਰੀ ਨੂੰ ਲੈ ਕੇ ਆਪਣੀ ਰਿਪੋਰਟ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ।

ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਰੈਲੀ ਨੂੰ ਲੈ ਕੇ ਜਿਥੇ ਸਮੁੱਚੇ ਪਾਰਟੀ ਆਗੂਆਂ ਤੇ ਵਰਕਰਾਂ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਵਿਚ ਉਤਸ਼ਾਹ ਹੈ, ਉਥੇ ਹੀ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਇਸ ਰੈਲੀ ਪ੍ਰਤੀ ਬਹੁਤ ਉਤਸੁਕ ਹਨ। ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਸੂਬੇ ਵਿਚ ਕਿਸਾਨਾਂ ਵਾਸਤੇ ਮੁਫਤ ਬਿਜਲੀ ਤੇ ਹੋਰ ਸਹੂਲਤਾਂ ਦੇ ਕੇ ਇਤਿਹਾਸ ਸਿਰਜਿਆ ਸੀ, ਉਥੇ ਹੀ ਯੂ. ਪੀ. ਦੇ ਕਿਸਾਨ ਵੀ ਹੁਣ ਅਕਾਲੀ ਦਲ ਵੱਲ ਵੇਖ ਰਹੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਦੀ ਤਿਆਰੀ ਹਿੱਤ ਪ੍ਰੋ. ਚੰਦੂਮਾਜਰਾ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ ਤੇ  ਭਰੋਸਾ ਪ੍ਰਗਟ ਕੀਤਾ ਕਿ ਇਹ ਰੈਲੀ ਆਪਣੇ-ਆਪ ਵਿਚ ਮੀਲ-ਪੱਥਰ ਹੋਵੇਗੀ।
੍ਰਸ. ਬਾਦਲ ਨੇ ਦੱਸਿਆ ਕਿ ਸਮੁੱਚੇ ਪੰਜਾਬੀਆਂ ਨੂੰ ਇਕਜੁੱਟ ਕਰਨ ਦੀ ਅਕਾਲੀ ਦਲ ਦੀ ਮੁਹਿੰਮ ਨੂੰ ਭਰਵਾਂ ਸਮਾਜਕ ਹੁੰਗਾਰਾ ਮਿਲਿਆ ਹੈ।  ਹਰਿਆਣਾ ਦੀ ਪਲੇਠੀ ਰੈਲੀ ਮਗਰੋਂ ਵੱਖ-ਵੱਖ ਸੂਬਿਆਂ ਵਿਚ ਰਹਿੰਦੇ ਪੰਜਾਬੀਆਂ ਨੇ ਅਕਾਲੀ ਦਲ ਦੇ ਝੰਡੇ ਹੇਠ ਇਕਜੁੱਟ ਹੋ ਕੇ ਕੰਮ ਕਰਨ ਦਾ ਮਨ ਬਣਾ ਲਿਆ ਹੈ। ਹੁਣ ਸਮਾਂ ਦੂਰ ਨਹੀਂ ਜਦੋਂ ਪੰਜਾਬੀਆਂ ਦਾ  ਹਰ ਪਾਸੇ ਪੂਰਾ ਰਾਜ ਹੋਵੇਗਾ।