ਲੋਕਾਂ ਅੰਦਰ ਗੁੱਸੇ ਦੀ ਲਹਿਰ ਵੇਖ ਕੇ ਕਾਂਗਰਸ ਹੋਈ ਡੌਰ-ਭੌਰ : ਸੁਖਬੀਰ ਬਾਦਲ

05/02/2019 10:12:43 AM

ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ, ਸ਼ਰਮਾ, ਜਸਵੰਤ, ਆਂਵਲਾ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਸੂਬੇ ਅੰਦਰ ਆਪਣੇ ਖ਼ਿਲਾਫ ਲੋਕਾਂ ਦੇ ਗੁੱਸੇ ਅਤੇ ਨਫਰਤ ਦੀ ਲਹਿਰ ਵੇਖ ਕੇ ਡੌਰ-ਭੌਰ ਹੋ ਗਏ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਸੀਨੀਅਰ ਕਾਂਗਰਸੀ ਆਗੂ ਚੋਣ ਪ੍ਰਚਾਰ ਤੋਂ ਕਿਨਾਰਾ ਕਰ ਰਹੇ ਹਨ ਅਤੇ ਉਹ ਸਿਰਫ ਰਸਮ ਵਜੋਂ ਕਾਂਗਰਸੀ ਰੈਲੀਆਂ 'ਚ ਮੂੰਹ ਵਿਖਾਉਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਕਾਰਨ ਹੀ ਕਾਂਗਰਸ 'ਚ ਲੜਾਈ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਉਹ ਸਾਰੇ ਸਾਹਮਣੇ ਦਿਸ ਰਹੀ ਹਾਰ ਦਾ ਭਾਂਡਾ ਇਕ ਦੂਜੇ ਦੇ ਸਿਰ 'ਤੇ ਭੰਨਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਤੇ ਲੋਕ ਪੱਖੀ ਸਕੀਮਾਂ ਨੂੰ ਮੁਲਤਵੀ ਕਰ ਦਿੱਤਾ ਹੈ, ਕਿਉਂਕਿ ਚੋਣਾਂ ਤੋਂ ਬਾਅਦ ਉਹ ਇਨ੍ਹਾਂ ਸਾਰੀਆਂ ਸਕੀਮਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਵੱਡੇ ਝਟਕੇ ਵਾਸਤੇ ਪੰਜਾਬੀਆਂ ਨੂੰ ਮਾਨਸਿਕ ਤੌਰ 'ਤੇ ਤਿਆਰ ਕਰ ਰਹੀ ਹੈ। 

ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਚੋਣਾਂ ਖ਼ਤਮ ਹੁੰਦੇ ਹੀ ਖੇਤੀ ਟਿਊਬਵੈੱਲਾਂ 'ਤੇ ਬਿਜਲੀ ਦੇ ਬਿੱਲ ਲਾ ਦੇਵੇਗੀ। ਅਕਾਲੀ ਦਲ ਗਰੀਬਾਂ ਨਾਲ ਕੀਤੀ ਅਜਿਹੀ ਬੇਇਨਸਾਫੀ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖ ਸਕਦਾ। ਉਨ੍ਹਾਂ ਵਲੋਂ ਅਜਿਹਾ ਕਰਨ 'ਤੇ ਅਸੀਂ ਸੜਕਾਂ 'ਤੇ ਉੱਤਰ ਆਵਾਂਗੇ ਅਤੇ ਸਰਕਾਰ ਨੂੰ ਇਹ ਸਾਰੀਆਂ ਸਕੀਮਾਂ ਜਾਰੀ ਰੱਖਣ ਵਾਸਤੇ ਮਜਬੂਰ ਕਰਨ ਲਈ ਇਕ ਵੱਡਾ ਮੋਰਚਾ ਲਾਵਾਂਗੇ। ਦੱਸ ਦੇਈਏ ਕਿ ਸੁਖਬੀਰ ਬਾਦਲ ਨੇ ਸਿਹਤ ਖਰਾਬ ਹੋਣ ਦੇ ਬਾਵਜੂਦ ਗੁਰੂਹਰਸਹਾਇ ਵਿਧਾਨ ਸਭਾ ਹਲਕੇ 'ਚ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਾਹਮਣੇ ਦਿਸ ਰਹੀ ਹਾਰ ਦਾ ਦੋਸ਼ ਇਕ ਦੂਜੇ 'ਤੇ ਮੜ੍ਹਨ ਦੀ ਖੇਡ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਧਮਕਾ ਰਹੇ ਹਨ। ਸਿਰਫ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਚੰਗੇ ਚੋਣ ਨਤੀਜਿਆਂ ਦੀ ਆਸ ਸੀ ਪਰ ਜਿਵੇਂ ਹੀ ਚੋਣਾਂ ਦਾ ਐਲਾਨ ਹੋਇਆ, ਕਾਂਗਰਸ ਸਰਕਾਰ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਦਾ ਜਵਾਲਾਮੁਖੀ ਅਚਾਨਕ ਫਟ ਗਿਆ, ਜਿਸ ਨੂੰ ਵੇਖ ਕੇ ਕਾਂਗਰਸੀਆਂ ਦੀ ਸੁਰਤ ਗੁੰਮ ਹੋ ਗਈ ਹੈ। 

ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਪੰਜਾਬ 'ਚ ਦਿਨ ਪੁੱਗ ਗਏ ਹਨ। ਲੋਕ ਸਭਾ ਚੋਣਾਂ ਤੋਂ ਪਿੱਛੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਨਹੀਂ ਰਹੇਗਾ।ਚੋਣਾਂ ਮਗਰੋਂ ਕਾਂਗਰਸ ਪਾਰਟੀ ਖਿੰਡ ਜਾਵੇਗੀ ਤੇ ਪੰਜਾਬ ਅੰਦਰ ਮੁੜ ਤੋਂ ਅਕਾਲੀ-ਭਾਜਪਾ ਸਰਕਾਰ ਬਣੇਗੀ। ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਬਣਨ 'ਤੇ ਪੰਜਾਬ ਦੇ ਸਾਰੇ 12500 ਪਿੰਡਾਂ ਵਿਚ ਸ਼ਹਿਰਾਂ ਵਾਂਗ ਪੀਣ ਵਾਲਾ ਸਾਫ ਪਾਣੀ, ਸੀਵਰੇਜ, ਪੱਕੀਆਂ ਗਲੀਆਂ ਅਤੇ ਗਲੀਆਂ 'ਚ ਰੌਸ਼ਨੀ ਦਾ ਪ੍ਰਬੰਧ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਖਾਲੀ ਖਜ਼ਾਨੇ ਦਾ ਰੌਲਾ ਪਿਛਲੇ ਦੋ ਸਾਲਾਂ ਵਿਚ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਲੁਕਾਉਣ ਦਾ ਬਹਾਨਾ ਹੈ।

rajwinder kaur

This news is Content Editor rajwinder kaur