ਸੁਖਬੀਰ ਨੂੰ ਨੈਤਿਕਤਾ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ : ਖਹਿਰਾ

11/20/2017 12:55:56 AM

ਚੰਡੀਗੜ੍ਹ (ਸ਼ਰਮਾ) - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਫਾਜ਼ਿਲਕਾ ਅਦਾਲਤ ਵਲੋਂ ਉਨ੍ਹਾਂ ਨੂੰ ਸੰਮਨ ਕਰਨ ਤੇ ਹਾਈਕੋਰਟ ਵਲੋਂ ਉਨ੍ਹਾਂ ਦੀ ਪਟੀਸ਼ਨ ਰੱਦ ਕਰਨ ਦੇ ਮਾਮਲੇ ਵਿਚ ਜੂਨੀਅਰ ਬਾਦਲ ਨੂੰ ਵਿਧਾਨ ਸਭਾ ਵਿਚ ਉਨ੍ਹਾਂ ਕੋਲੋਂ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਤਿਆਗ ਪੱਤਰ ਦੇਣ ਦੀ ਮੰਗ ਕਰਨ ਤੋਂ ਪਹਿਲਾਂ ਆਪਣੇ ਬਜ਼ੁਰਗ ਪਿਤਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਰ ਸੁਣ ਲੈਣੇ ਚਾਹੀਦੇ ਹਨ। ਮੀਡੀਆ ਨੂੰ ਜਾਰੀ ਪ੍ਰਕਾਸ਼ ਸਿੰਘ ਬਾਦਲ ਦੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਗਏ ਬਿਆਨ, ਜਿਸ ਵਿਚ ਸੀਨੀਅਰ ਬਾਦਲ ਵਲੋਂ ਕਿਹਾ ਗਿਆ ਸੀ ਕਿ ਸਿਰਫ਼ ਅਦਾਲਤ ਵਲੋਂ ਸੰਮਨ ਭੇਜੇ ਜਾਣ ਦਾ ਮਤਲਬ ਦੋਸ਼ੀ ਹੋ ਜਾਣਾ ਨਹੀਂ ਹੁੰਦਾ, ਦੀ ਕਲਿਪਿੰਗ ਮੀਡੀਆ ਨੂੰ ਜਾਰੀ ਕਰਦਿਆਂ ਖਹਿਰਾ ਨੇ ਸੁਖਬੀਰ ਬਾਦਲ ਦੀ ਅਲੋਚਨਾ ਕਰਦਿਆਂ ਕਿਹਾ ਕਿ ਜੂਨੀਅਰ ਬਾਦਲ ਨਾ ਸਿਰਫ਼ ਮਾਮਲੇ ਵਿਚ ਦੋਗਲੀ ਨੀਤੀ ਅਪਣਾ ਰਹੇ ਹਨ ਬਲਕਿ ਆਪਣੇ ਪਿਤਾ ਦੇ ਵਿਚਾਰਾਂ ਨੂੰ ਵੀ ਨਜ਼ਰ-ਅੰਦਾਜ਼ ਕਰ ਰਹੇ ਹਨ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਜਿਥੇ ਟ੍ਰਾਇਲ ਕੋਰਟ ਨੇ ਸਿਰਫ਼ ਸੰਮਨ ਭੇਜੇ ਹਨ, ਉਥੇ ਹੀ ਸੁਖਬੀਰ ਬਾਦਲ ਵਿਰੁੱਧ ਨਾ ਸਿਰਫ਼ ਇਕ ਪੱਤਰਕਾਰ ਨੂੰ ਕੁੱਟਣ ਦੇ ਮਾਮਲੇ ਵਿਚ ਚਾਰਜਸ਼ੀਟ ਦਾਇਰ ਹੈ, ਬਲਕਿ ਉਹ ਇਸ ਮਾਮਲੇ ਵਿਚ ਜ਼ਮਾਨਤ 'ਤੇ ਹਨ। ਖਹਿਰਾ ਨੇ ਸੁਖਬੀਰ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਜਦ 2007 ਵਿਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਉਹ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ, ਜਿਸ ਵਿਚ ਉਹ ਜੇਲ ਵੀ ਗਏ ਸਨ, ਵਿਚ ਜ਼ਮਾਨਤ 'ਤੇ ਸਨ। ਖਹਿਰਾ ਨੇ ਕਿਹਾ ਕਿ ਜਦ ਇੰਨੇ ਗੰਭੀਰ ਮਾਮਲੇ ਦੇ ਬਾਵਜੂਦ ਸੀਨੀਅਰ ਬਾਦਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਲੈ ਸਕਦੇ ਹਨ ਤਾਂ ਸਿਰਫ ਉਨ੍ਹਾਂ ਨੂੰ ਸੰਮਨ ਜਾਰੀ ਹੋਣ 'ਤੇ ਤਿਆਗ ਪੱਤਰ ਮੰਗੇ ਜਾਣ ਦਾ ਕੀ ਮਤਲਬ ਹੈ। ਖਹਿਰਾ ਨੇ ਸੁਖਬੀਰ ਨੂੰ ਇਹ ਵੀ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਸਜ਼ਾ ਯਾਫ਼ਤਾ ਜਾਗੀਰ ਕੌਰ ਤੇ ਤੋਤਾ ਸਿੰਘ ਦਾ ਨਾ ਸਿਰਫ਼ ਬਚਾਅ ਕੀਤਾ ਬਲਕਿ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਮਹੱਤਵਪੂਰਨ ਅਹੁਦੇ ਵੀ ਦਿੱਤੇ ਸਨ।
ਸੁਖਬੀਰ ਬਾਦਲ ਨੂੰ ਰਾਜਨੀਤੀ ਵਿਚ ਚੋਣ ਜ਼ਾਬਤਾ ਤੇ ਨੈਤਿਕਤਾ ਦੇ ਮਾਮਲੇ ਵਿਚ ਕਿਸੇ ਵੀ ਸਮੇਂ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਖਹਿਰਾ ਨੇ ਕਿਹਾ ਕਿ ਜੇਕਰ ਉਹ ਇਸ ਚੁਣੌਤੀ ਨੂੰ ਸਵੀਕਾਰ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਰਾਜਨੀਤੀ ਵਿਚ ਨੈਤਿਕਤਾ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ।