ਕਾਂਗਰਸ ਦੀ ਮਕਬੂਲੀਅਤ ਦਾ ਲੋਕ ਸਭਾ ਚੋਣਾਂ ''ਚ ਪਤਾ ਲੱਗ ਜਾਊ : ਸੁਖਬੀਰ

02/28/2018 7:25:34 AM

ਨਡਾਲਾ (ਭੁਲੱਥ) (ਰਾਜਿੰਦਰ)  - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਆਪਣੀ ਮਕਬੂਲੀਅਤ ਪਰਖਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬੀਆਂ ਨੇ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਸਮੇਤ ਸਥਾਨਕ ਇਕਾਈਆਂ ਦੀਆਂ ਚੋਣਾਂ ਦੌਰਾਨ ਕੀਤੀਆਂ ਧਾਂਦਲੀਆਂ ਵਾਸਤੇ ਇਸ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ। ਇਥੇ ਇਕ ਭਰਵੀਂ 'ਪੋਲ ਖੋਲ੍ਹ' ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵੱਡੇ ਪੱਧਰ 'ਤੇ ਹਿੰਸਾ ਕਰ ਕੇ ਤੇ ਬੂਥਾਂ 'ਤੇ ਕਬਜ਼ਿਆਂ ਨਾਲ ਲੁਧਿਆਣਾ ਨਗਰ ਨਿਗਮ ਦੀ ਚੋਣ ਜਿੱਤ ਸਕਦੀ ਹੈ ਪਰ ਪਾਰਲੀਮਾਨੀ ਚੋਣਾਂ ਵਿਚ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਤੇ ਫਿਰ ਕਾਂਗਰਸ ਨੂੰ ਆਪਣੀ ਮਕਬੂਲੀਅਤ ਦਾ ਪਤਾ ਲੱਗ ਜਾਊ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਰਫ ਇਕ ਵਾਰ ਆਪਣੇ ਦਫਤਰ ਗਏ ਸਨ ਤੇ ਕਿਸੇ ਨੇ ਵੀ ਉਨ੍ਹਾਂ ਨੂੰ ਕਦੇ ਫੀਲਡ ਵਿਚ ਨਹੀਂ ਵੇਖਿਆ। ਉਹ ਤਾਂ ਸਹੁੰ ਚੁੱਕਣ ਮਗਰੋਂ  ਸ੍ਰੀ ਦਰਬਾਰ ਸਾਹਿਬ ਵੀ ਤਦ ਤਕ ਨਹੀਂ ਸਨ ਗਏ, ਜਦ ਤਕ ਉਨ੍ਹਾਂ ਨੂੰ ਇਹ ਗੱਲ ਚੇਤੇ ਨਹੀਂ ਸੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲਣ ਅੰਮ੍ਰਿਤਸਰ ਗਏ ਸਨ ਤਾਂ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣ ਦੀ ਲੋੜ ਨਹੀਂ ਸਮਝੀ।
ਬਾਦਲ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਨਾਲ ਇਸ ਲਈ ਵੀ ਨਾਰਾਜ਼ ਹਨ ਕਿਉਂਕਿ ਇਸ ਨੇ ਕੁੱਝ ਦੇਣਾ ਤਾਂ ਦੂਰ ਦੀ ਗੱਲ ਹੈ, ਉਲਟਾ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੇ ਲਾਭ ਵੀ ਖੋਹ ਲਏ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਬਾਰੇ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਸ ਵਿਰੁੱਧ ਅਦਾਲਤ ਵਿਚ ਚੱਲ ਰਹੇ ਨਸ਼ਿਆਂ ਦੇ ਕੇਸ ਦਾ ਫੈਸਲਾ ਹੋ ਗਿਆ ਤਾਂ ਖਹਿਰਾ ਖ਼ਤਮ ਹੋ ਜਾਵੇਗਾ।
ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਕੀਤੀਆਂ ਧਾਂਦਲੀਆਂ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਦੋ ਥਾਵਾਂ 'ਤੇ ਰਜਿਸਟਰਡ ਵੋਟਾਂ ਨਾਲੋਂ ਕਿਤੇ ਵਧੇਰੇ ਵੋਟਾਂ ਪੋਲ ਹੋਈਆਂ ਸਨ। ਨਵਜੋਤ ਸਿੱਧੂ ਵੱਲੋਂ ਵਿਰਾਸਤੇ-ਖਾਲਸਾ ਨੂੰ ਚਿੱਟਾ ਹਾਥੀ ਕਰਾਰ ਦੇਣ ਬਾਰੇ ਉੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਟਿੱਪਣੀ ਕਰਦਿਆਂ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਣਾਈਆਂ ਗਈਆਂ ਸਾਰੀਆਂ ਯਾਦਗਾਰਾਂ ਆਲਮੀ ਪੱਧਰ ਦੀਆਂ ਹਨ, ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਹੈ
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਖਿੱਲਰਿਆ ਕੂੜਾ-ਕਰਕਟ ਚੁੱਕ ਕੇ ਗੁਰੂ ਸਾਹਿਬਾਨ ਲਈ ਆਪਣੇ ਪਿਆਰ ਅਤੇ ਸ਼ਰਧਾ ਦਾ ਇਜ਼ਹਾਰ ਕੀਤਾ ਸੀ। ਇਹ ਕੂੜਾ-ਕਰਕਟ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਦੀ ਵਿਰਾਸਤੀ ਮਾਰਗ ਨੂੰ ਸਾਫ-ਸੁਥਰਾ ਰੱਖਣ ਵਿਚ ਨਾਕਾਮੀ ਕਾਰਨ ਫੈਲਿਆ ਸੀ।