ਸੁਖਬੀਰ ਬਾਦਲ ਦਾ ਵੱਡਾ ਦਾਅਵਾ, ਕਿਹਾ-ਮਜੀਠੀਆ ਖ਼ਿਲਾਫ ਇਕ ਵੀ ਸਬੂਤ ਮਿਲਿਆ ਤਾਂ ਛੱਡ ਦੇਵਾਂਗਾ ਸਿਆਸਤ

01/25/2022 5:19:45 PM

ਲੁਧਿਆਣਾ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਬਿਕਰਮ ਮਜੀਠੀਆ ਖ਼ਿਲਾਫ ਇਕ ਵੀ ਸਬੂਤ ਮਿਲ ਜਾਵੇ ਤਾਂ ਉਹ ਸਿਆਸਤ ਛੱਡ ਦੇਣਗੇ। ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੱਡੀ ਸਾਜ਼ਿਸ਼ ਤਹਿਤ ਸਾਬਕਾ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੂੰ ਮੋਹਰਾ ਬਣਾ ਕੇ ਮਜੀਠੀਆ ’ਤੇ ਝੂਠਾ ਡਰੱਗ ਦਾ ਕੇਸ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਝੂਠ ਤੇ ਫਰੇਬ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਅੱਗੇ ਹੋ ਕੇ ਰੇਤ ਮਾਫੀਆ, ਮੁੱਖ ਮੰਤਰੀ ਚੰਨੀ ਤੇ ਸਿੱਧੂ ਖ਼ਿਲਾਫ ਲੜਾਈ ਲੜੀ। ਉਨ੍ਹਾਂ ਕਿਹਾ ਕਿ ਸਾਬਕਾ ਡੀ. ਜੀ. ਪੀ. ਚਟੋਪਾਧਿਆਏ ਦੀ ਭਗੌੜਿਆਂ ਨਾਲ ਗੱਲਬਾਤ ਦੀ ਟੇਪ ਰਿਕਾਰਡਿੰਗ ਇਕ ਅੰਗਰੇਜ਼ੀ ਅਖ਼ਬਾਰ ਨੇ ਸਾਰਿਆਂ ਸਾਹਮਣੇ ਪੇਸ਼ ਕੀਤੀ ਹੈ, ਜਿਸ ’ਚ ਚਟੋਪਾਧਿਆਏ, ਇਕ ਭਗੌੜੇ ਤੇ ਇਕ ਹੋਰ ਅਫ਼ਸਰ ਨਾਲ ਮਿਲ ਕੇ ਕੇਸ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਇਹ ਸਰਕਾਰ ਆਈ ਹੈ, ਮੁੱਖ ਮੰਤਰੀ ਚੰਨੀ ਤੇ ਸਿੱਧੂ ਦਾ ਇਕੋ ਨਿਸ਼ਾਨਾ ਸੀ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਕੇਸ ਦਰਜ ਕਰੋ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ’ਚ ਬੇਅਦਬੀ ਦੀ ਕੋਸ਼ਿਸ਼ (ਵੀਡੀੇਓ)

ਬਾਦਲ ਨੇ ਕਿਹਾ ਕਿ ਅਫ਼ਸਰਾਂ ਨੇ ਵੀ ਕਹਿ ਦਿੱਤਾ ਸੀ ਕਿ ਕੋਈ ਵੀ ਕੇਸ ਨਹੀਂ ਬਣਦਾ। ਜਿਹੜੀ ਸਿੱਟ ਬਣਾਈ ਗਈ ਸੀ, ਜਿਸ ਨੂੰ ਹਾਈਕੋਰਟ ਮਾਨੀਟਰ ਕਰ ਰਿਹਾ ਸੀ, ਨੇ ਸਰਕਾਰ ਨੂੰ ਬਿਲਕੁਲ ਜਵਾਬ ਦੇ ਦਿੱਤਾ ਸੀ ਕਿ ਅਸੀਂ ਕੋਈ ਗ਼ਲਤ ਕੰਮ ਨਹੀਂ ਕਰਨਾ। ਹਾਈਕੋਰਟ ਨੇ ਕਿਹਾ ਸੀ ਕਿ ਸਰਕਾਰ ਦਾ ਕੋਈ ਵੀ ਅਫ਼ਸਰ ਇਸ ’ਚ ਦਖਲਅੰਦਾਜ਼ੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਸੁੱਖੀ ਰੰਧਾਵਾ ਨੇ ਅਫ਼ਸਰਾਂ ਨੂੰ ਡਰਾ ਕੇ ਸਾਡੇ ’ਤੇ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਨਹੀਂ ਕੀਤੇ। ਬਾਦਲ ਨੇ ਕਿਹਾ ਕਿ ਪੰਜਾਬ ਦੇ 2 ਡੀ. ਜੀ. ਪੀ. ਸਟੈਂਡ ਲੈ ਕੇ ਬੈਠੇ ਸਨ ਕਿ ਬਿਕਰਮ ਮਜੀਠੀਆ ਖ਼ਿਲਾਫ ਕੋਈ ਕੇਸ ਬਣਦਾ ਹੀ ਨਹੀਂ ਤੇ ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਫਿਰ ਚਟੋਪਾਧਿਆਏ ਨੂੰ ਡੀ. ਜੀ. ਪੀ. ਬਣਾਇਆ, ਜਿਸ ਦਾ ਕ੍ਰਿਮੀਨਲ ਰਿਕਾਰਡ ਹੈ ਤੇ ਹਾਈਕੋਰਟ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਫਿੱਟ ਨਹੀਂ ਹੈ।

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਗ੍ਰਿਫ਼ਤਾਰੀ ’ਤੇ 3 ਦਿਨ ਲਈ ਲਾਈ ਰੋਕ

ਉਨ੍ਹਾਂ ਕਿਹਾ ਕਿ ਚਟੋਪਾਧਿਆਏ ਦੀ ਭਗੌੜਿਆਂ ਨਾਲ ਗੱਲਬਾਤ ਦੀਆਂ ਟੇਪਾਂ ਨੂੰ ਲੈ ਕੇ ਕੇਂਦਰੀ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਚਟੋਪਾਧਿਆਏ ’ਤੇ ਕੇਸ ਦਰਜ ਕਰਕੇ ਤੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਦਿਨ ਇਹ ਗ੍ਰਿਫ਼ਤਾਰ ਹੋ ਗਿਆ, ਉਸੇ ਦਿਨ ਸਾਰੇ ਪੋਲ ਖੁੱਲ੍ਹ ਜਾਣੇ ਹਨ। ਚਟੋਪਾਧਿਆਏ ਨੇ ਮੁੱਖ ਮੰਤਰੀ ਚੰਨੀ ਨੂੰ ਮਾਈਨਿੰਗ ਮਾਫੀਆ ਦੀ ਖੁੱਲ੍ਹ ਦਿੱਤੀ ਤੇ ਪੁਲਸ ਦੀ ਦੁਰਵਰਤੋਂ ਕਰਕੇ ਮਜੀਠੀਆ ’ਤੇ ਝੂਠਾ ਕੇਸ ਦਰਜ ਕਰਵਾਇਆ। ਇਨ੍ਹਾਂ ਦਾ ਇਕੋ-ਇਕ ਮਕਸਦ ਸੀ ਕਿ ਮਜੀਠੀਆ ਨੂੰ ਅੰਦਰ ਕਰਨਾ ਹੈ, ਉਨ੍ਹਾਂ ਕਿਹਾ ਕਿ ਮਜੀਠੀਆ ਖ਼ਿਲਾਫ ਇਕ ਵੀ ਸਬੂਤ ਨਹੀਂ ਹੈ।

Manoj

This news is Content Editor Manoj