ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸੁਖਬੀਰ ਬਾਦਲ, ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ਨੂੰ ਲੈ ਕੇ ਕੀਤੀ ਇਹ ਮੰਗ

02/09/2023 8:49:11 PM

ਮਲੋਟ (ਸ਼ਾਮ ਜੁਨੇਜਾ) : ਕਈ ਸਾਲਾਂ ਤੋਂ ਖ਼ਸਤਾ ਹਾਲਤ ਕਰਕੇ ਨਿਰਮਾਣ ਨੂੰ ਤਰਸਦੀ ਮਲੋਟ- ਸ੍ਰੀ ਮੁਕਤਸਰ ਸਾਹਿਬ ਸੜਕ ਦੇ ਹੁਣ ਨਿਰਮਾਣ ਸਬੰਧੀ ਮਨਜ਼ੂਰੀ ਵੀ ਮਿਲ ਚੁੱਕੀ ਹੈ ਪਰ ਸੜਕ ਬਨਣ ਦਾ ਕੰਮ ਸ਼ੁਰੂ ਨਹੀਂ  ਹੋਇਆ। ਸੜਕ ਦੇ ਕੰਮ ਦੀ ਸ਼ੁਰੂਆਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਮਾਂਬੱਧ ਬਿਆਨਾਂ ਤੋਂ ਬਾਅਦ ਵੀ ਲਗਾਤਾਰ ਦੇਰੀ ਹੋ ਰਹੀ ਹੈ।

ਇਹ ਵੀ ਪੜ੍ਹੋ : ਪੁਲਸ ਦੇ ਸਖ਼ਤ ਪਹਿਰੇ 'ਚ ਹੋਇਆ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦਾ ਅੰਤਿਮ ਸੰਸਕਾਰ

ਰਾਜ ਸਭਾ ਵਿੱਚ ਮਸਲਾ ਉੱਠਣ ਨਾਲ ਸਾਹਮਣੇ ਆਇਆ ਕਿ ਕੰਮ 'ਚ ਦੇਰੀ ਦਾ ਕਾਰਨ ਪੰਜਾਬ ਸਰਕਾਰ ਦੇ ਵਿਭਾਗਾਂ ਦੀਆਂ ਐੱਨ.ਓ.ਸੀ ਨਾ ਮਿਲਨਾ ਹੈ। ਹਾਲਾਂਕਿ ਹੁਣ ਇਹ ਔਕੜਾਂ ਦੂਰ ਹੋ ਗਈਆਂ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਗੂਆਂ ਦਾ ਇਕ ਵਫ਼ਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਿਆ ਅਤੇ ਚਿਰਾਂ ਤੋਂ ਲਟਕਦੀ ਆ ਰਹੀ ਮਲੋਟ-ਮੁਕਤਸਰ ਸਾਹਿਬ ਸੜਕ ਦੇ ਨਿਰਮਾਣ ਕਾਰਜ ਨੂੰ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ। ਸਾਬਕਾ ਉਪ ਮੁੱਖ ਮੰਤਰੀ ਨੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਅਤੇ ਸ੍ਰੀ ਮੁਕਤਸਰ ਤੋਂ ਮਲੋਟ ਰੋਡ ਰਾਸ਼ਟਰੀ ਰਾਜ ਮਾਰਗ 354 ਬਾਰੇ ਭੇਜੀ ਗਈ ਤਜਵੀਜ਼ ਨੂੰ ਤੁਹਾਡੇ ਧਿਆਨ ਵਿੱਚ ਲਿਆਉਣ ਲਈ ਲਿੱਖ ਰਿਹਾ ਹਾਂ ਜੋ ਕਿ ਖਸਤਾ ਹਾਲਤ ਵਿੱਚ ਹੈ।

ਇਹ ਵੀ ਪੜ੍ਹੋ : ਪੁਲਸ ਵਿਭਾਗ ਦੇ 47 ਹਜ਼ਾਰ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਨਿਰਦੇਸ਼

ਇਸ ਪ੍ਰਾਜੈਕਟ ਨੂੰ 208 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਹੈ। ਇਹ ਸੜਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸ੍ਰੀ ਅੰਮ੍ਰਿਤਸਰ ਜਾਣ ਲਈ ਅਤੇ ਫਿਰੋਜ਼ਪੁਰ ਵਿਖੇ ਵਾਹਗਾ ਬਾਰਡਰ ਅਤੇ ਹੁਸੈਨੀਵਾਲਾ ਬਾਰਡਰ ਨੂੰ ਜੋੜਨ ਵਾਲੀ ਇੱਕੋ-ਇੱਕ ਸੜਕ ਹੈ। ਸੂਤਰਾਂ ਅਨੁਸਾਰ ਵਫ਼ਦ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਰੋਸਾ ਦਿਵਾਇਆ ਕਿ ਇਸ ਸੜਕ ਦਾ ਨਿਰਮਾਣ ਜਲਦੀ ਸ਼ੁਰੂ ਹੋ ਜਾਵੇਗਾ।

ਉਹਨਾਂ ਨਾਲ ਹਲਕਾ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਕੰਵਰਜੀਤ ਰੋਜ਼ੀ ਬਰਕੰਦੀ ਵੀ ਹਾਜ਼ਰ ਸਨ। ਇਹ ਵਰਨਣਯੋਗ ਹੈ ਕਿ ਇਸ ਸੜਕ ਦੇ ਨਿਰਮਾਣ ਲਈ ਚਿਰਾਂ ਤੋਂ ਇਲਾਕੇ ਦੇ ਮੁੱਖ ਸਿਆਸੀ ਆਗੂ ਆਪੋ ਆਪਣੇ ਪੱਧਰ 'ਤੇ ਕੋਸ਼ਿਸ਼ਾਂ ਕਰ ਰਹੇ ਸਨ ਅਤੇ 'ਆਪ' ਸਰਕਾਰ ਦੇ ਮੰਤਰੀਆਂ ਨੇ ਇਸ ਦੇ ਨਿਰਮਾਣ ਕਾਰਜ ਲਈ ਆਪਣੀ ਵਾਹ ਲਾਈ ਅਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਨਿਤਿਨ ਗਡਕਰੀ ਨੇ ਕੇਂਦਰੀ ਮੰਤਰੀ ਨੂੰ ਮਿਲ ਕੇ ਇਸ ਸੜਕ ਦੇ ਨਿਰਮਾਣ ਕਾਰਜ ਦੇ ਜਲਦੀ ਸ਼ੁਰੂ ਹੋਣ ਦਾ ਇਕ ਵਾਰ ਫਿਰ ਭਰੋਸਾ ਦਿਵਾਇਆ ਹੈ। 

Mandeep Singh

This news is Content Editor Mandeep Singh