ਸੁਖਬੀਰ ਬਾਦਲ ਧਰਨੇ ਲਾਉਣ ਤੋਂ ਪਹਿਲਾਂ ਆਪਣੇ ਗਿਰੇਬਾਨ ''ਚ ਝਾਤੀ ਮਾਰੇ : ਸਰਨਾ

12/11/2017 7:17:19 AM

ਜਲੰਧਰ  (ਚਾਵਲਾ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੜਕੀ ਆਵਾਜਾਈ ਰੋਕ ਕੇ ਧਰਨਾ ਦੇਣ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸੁਖਬੀਰ ਪਹਿਲਾਂ ਆਪਣੇ ਗਿਰੇਬਾਨ 'ਚ ਝਾਤੀ ਮਾਰੇ।
ਸਰਨਾ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਬਰਗਾੜੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀਆਂ ਸਿੱਖ ਸੰਗਤਾਂ ਤੇ ਸੰਤਾਂ-ਮਹਾਪੁਰਸ਼ਾਂ 'ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਉਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਵਿਹਲੇ ਲੋਕ ਸੜਕਾਂ 'ਤੇ ਜਾਮ ਲਾਉਣ ਲਈ ਆ ਜਾਂਦੇ ਹਨ ਤੇ ਹੁਣ ਸੁਖਬੀਰ ਸਿੰਘ ਬਾਦਲ ਸਪੱਸ਼ਟ ਕਰੇ ਜਿਹੜਾ ਧਰਨਾ ਉਸ ਨੇ ਲਾਇਆ ਹੈ, ਉਹ ਵਿਹਲੇ ਲੋਕਾਂ ਦਾ ਕੰਮ ਹੈ ਜਾਂ ਕੋਈ ਪੰਥਕ ਕਾਰਜ ਲਈ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ 'ਤੇ ਲੰਮੇ ਪੈ ਕੇ ਤਸਵੀਰਾਂ ਖਿਚਵਾ ਕੇ ਹੋਂਦ ਦਾ ਪ੍ਰਗਟਾਵਾ ਨਹੀ ਕੀਤਾ ਜਾ ਸਕਦਾ ਸਗੋਂ ਯਥਾਰਥ ਰੂਪ ਵਿਚ  ਲੋਕ ਭਲਾਈ ਦੇ ਤੇ ਪੰਥਕ ਕਾਰਜ ਕਰ ਕੇ ਕੀਤਾ ਜਾ ਸਕਦਾ ਹੈ।