ਸੁਖਬੀਰ, ਮਜੀਠੀਆ ਅਤੇ ਹੋਰਨਾਂ 'ਤੇ ਦਰਜ FIR 'ਤੇ ਕਿਉਂ ਨਹੀਂ ਹੋਈ ਕਾਰਵਾਈ : ਹਾਈ ਕੋਰਟ

10/24/2019 4:54:30 PM

ਚੰਡੀਗੜ੍ਹ (ਹਾਂਡਾ) : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਹੋਰ ਅਕਾਲੀ ਨੇਤਾਵਾਂ ਖਿਲਾਫ ਕਰੀਬ 2 ਸਾਲ ਪਹਿਲਾਂ ਦਰਜ ਹੋਈ ਐੱਫ. ਆਈ. ਆਰ. 'ਚ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਮਾਮਲੇ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਹੈ। ਪਰਵਿੰਦਰ ਸਿੰਘ ਕਿੱਤਣਾ ਅਤੇ ਹੋਰਾਂ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਫਿਰੋਜ਼ਪੁਰ 'ਚ 8 ਦਸੰਬਰ, 2017 ਨੂੰ ਸੁਖਬੀਰ ਬਾਦਲ, ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ, ਕੈ. ਧਰਮ ਸਿੰਘ ਅਤੇ 45 ਹੋਰਾਂ ਨੂੰ ਨਾਮਜ਼ਦ ਕਰ ਕੇ ਰਸਤੇ 'ਚ ਗ਼ੈਰ-ਕਾਨੂੰਨੀ ਰੁਕਾਵਟ ਦੇ ਦੋਸ਼ਾਂ ਅਤੇ ਰਾਸ਼ਟਰੀ ਰਾਜ ਮਾਰਗ ਐਕਟ ਦੇ ਐਕਟ ਦੀ ਧਾਰਾ-8 ਬੀ. ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਪਰ ਇਸ ਐੱਫ. ਆਈ. ਆਰ. 'ਚ ਮੁਲਜ਼ਮਾਂ ਦੇ ਸਿਆਸੀ ਦਬਾਅ ਕਾਰਣ ਹੁਣ ਤੱਕ ਪੰਜਾਬ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।

ਜਸਟਿਸ ਮਹਾਬੀਰ ਸਿੰਘ ਸਿੱਧੂ ਦੀ ਅਦਾਲਤ 'ਚ ਪਟੀਸ਼ਨਰ ਨੇ ਆਰ. ਟੀ. ਆਈ. ਤਹਿਤ ਹਾਸਲ ਜਾਣਕਾਰੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਪੁਲਸ ਨੇ ਆਪਣੇ ਜਵਾਬ 'ਚ ਕਿਹਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਟੀਸ਼ਨਰ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਨੇਤਾ ਤਾਂ ਆਏ ਦਿਨ ਸਿਆਸੀ ਸਰਗਰਮੀਆਂ 'ਚ ਸ਼ਾਮਲ ਰਹਿੰਦੇ ਹਨ ਪਰ ਪੁਲਸ ਅੱਜ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।

Anuradha

This news is Content Editor Anuradha