‘ਆਪ’ ਨੇ 24 ਕਰੋੜ ਮਹੀਨਾ ਇਸ਼ਤਿਹਾਰਬਾਜ਼ੀ ’ਤੇ ਖਰਚ ਕੇ ਪੰਜਾਬੀਆਂ ਨੂੰ ਮੂਰਖ ਬਣਾਇਆ : ਸੁਖਬੀਰ ਸਿੰਘ ਬਾਦਲ

06/19/2022 11:15:07 AM

ਸੰਗਰੂਰ (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਪ੍ਰਵੀਨ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਕਿਹਾ ਕਿ ਪੰਜਾਬ ’ਚ ਸਮਾਜ ਭਲਾਈ ਸਕੀਮਾਂ ਦੇ ਨਾਲ-ਨਾਲ ਵਿਕਾਸ ਕਾਰਜ ਠੱਪ ਹੋ ਗਏ ਸਨ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਇਕ ਮਹੀਨੇ ’ਚ ਹੀ 24 ਕਰੋੜ 40 ਲੱਖ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕਰ ਕੇ ਪ੍ਰਾਪੇਗੰਡਾ ਮੁਹਿੰਮ ਨਾਲ ਲੋਕਾਂ ਨੂੰ ਮੂਰਖ ਬਣਾਉਣ ਦਾ ਕੋਸ਼ਿਸ਼ ਕੀਤਾ ਹੈ।
ਇੱਥੇ ਸਾਂਝੇ ਪੰਥਕ ਅਤੇ ਅਕਾਲੀ ਦਲ ਤੇ ਬਸਪਾ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ’ਚ ਲਹਿਰਾ ਵਿਧਾਨ ਸਭਾ ਹਲਕੇ ’ਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾ ਸਿਰਫ਼ ਵਿਕਾਸ ਦੇ ਮਾਮਲੇ ’ਚ ਫੇਲ੍ਹ ਹੋਈ ਬਲਕਿ ਨੌਕਰੀਆਂ ਦੇਣ ’ਚ ਵੀ ਨਾਕਾਮ ਰਹੀ।

ਇਹ ਵੀ ਪੜ੍ਹੋ- ਆਖਰੀ ਗੇੜ ਦੌਰਾਨ ਸੰਗਰੂਰ ’ਚ 5 ਪਾਰਟੀਆਂ ਨੇ ਝੋਕੀ ਤਾਕਤ

ਇਕ ਸਵਾਲ ਦੇ ਜਵਾਬ ’ਚ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ‘ਅਗਨੀਪਥ’ ਸਕੀਮ ਵਾਪਸ ਲਈ ਜਾਵੇ ਅਤੇ ਫੌਜ ’ਚ ਪੁਰਾਣੇ ਪੈਟਰਨ ’ਤੇ ਰੈਗੂਲਰ ਭਰਤੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ‘ਅਗਨੀਪਥ’ ਸਕੀਮ ਨੂੰ ਲੈ ਕੇ ਨੌਜਵਾਨਾਂ ’ਚ ਰੋਸ ਹੈ ਤੇ ਇਹ ਮਸਲਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਾਬੁਲ ’ਚ ਗੁਰਦੁਆਰਾ ਕਰਤੇ ਪਰਵਾਨ ’ਤੇ ਆਈ. ਐੱਸ. ਆਈ. ਐੱਸ. ਵੱਲੋਂ ਕਾਇਰਾਨਾ ਹਮਲਾ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ਵਿਚਲੇ ਸਿੱਖਾਂ ਅਤੇ ਉਨ੍ਹਾਂ ਦੇ ਗੁਰਧਾਮਾਂ ਦੀ ਸੁਰੱਖਿਆ ਦਾ ਮਾਮਲਾ ਤੁਰੰਤ ਅਫ਼ਗਾਨਿਸਤਾਨ ਸਰਕਾਰ ਕੋਲ ਚੁੱਕਣ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਪੰਜਾਬ ਦੇ 3-4 ਹੋਰ ਸਾਬਕਾ ਕਾਂਗਰਸੀ ਮੰਤਰੀ ਰਾਡਾਰ 'ਤੇ, CM ਮਾਨ ਤੱਕ ਪੁੱਜੀਆਂ ਫਾਈਲਾਂ

ਇਸ ਦੌਰਾਨ ਭੁਟਾਲ ਕਲਾਂ, ਕੁੜੈਲ, ਮਕਰੋੜ ਸਾਹਿਬ ਤੇ ਭੁੱਲਾਂ ਤੇ ਹੋਰ ਥਾਵਾਂ ’ਤੇ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ’ਚ ਪ੍ਰਚਾਰ ਕਰਦਿਆਂ ਬਾਦਲ ਨੇ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਦਾ ਕਿਸੇ ਵੀ ਪਾਰਟੀ ਜਾਂ ਰਾਜ ਸਰਕਾਰ ’ਤੇ ਕੋਈ ਅਸਰ ਨਹੀਂ ਪਵੇਗਾ ਪਰ ਬੀਬਾ ਰਾਜੋਆਣਾ ਦੀ ਜਿੱਤ ਨਾਲ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਜੇਲਾਂ ’ਚ ਬੰਦ ਬੰਦੀ ਸਿੰਘ ਆਪਣੇ ਪਰਿਵਾਰਾਂ ਨਾਲ ਮਿਲ ਸਕਣਗੇ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੋਬਿੰਦ ਸਿੰਘ ਲੌਂਗੋਵਾਲ, ਮਨਤਾਰ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਮਹਿੰਦਰ ਰਿਣਵਾ ਨੇ ਵੀ ਸੰਬੋਧਨ ਕੀਤਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕਮੈਂਟ ਕਰਕੇ ਦਿਓ ਜਵਾਬ।

Gurminder Singh

This news is Content Editor Gurminder Singh