ਚੰਨੀ ਸਰਕਾਰ ਦੇ ‘ਨਿਵੇਸ਼ਕ ਸੰਮੇਲਨ’ ਦੇ ਡਰਾਮੇ ਨਾਲ ਇਕ ਧੇਲਾ ਵੀ ਨਹੀਂ ਹੋਇਆ ਨਿਵੇਸ਼ : ਸੁਖਬੀਰ ਬਾਦਲ

10/28/2021 10:55:38 AM

ਪਟਿਆਲਾ/ਰਾਜਪੁਰਾ (ਮਨਦੀਪ ਜੋਸਨ, ਜ. ਬ., ਚਾਵਲਾ, ਨਿਰਦੋਸ਼) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਪੁਰਾ ਵਿਖੇ ਅਕਾਲੀ-ਬਸਪਾ ਉਮੀਦਵਾਰ ਚਰਨਜੀਤ ਸਿੰਘ ਬਰਾੜ ਦੇ ਹੱਕ ’ਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ’ਚ ਮਤਾ ਪੇਸ਼ ਕਰ ਕੇ ਯਕੀਨੀ ਬਣਾਏਗੀ ਕਿ ਸਦਨ ਪੰਜਾਬ ਵਜ਼ਾਰਤ ਨੂੰ ਹਦਾਇਤ ਕਰੇ ਕਿ ਉਹ ਸਿਵਲ ਤੇ ਪੁਲਸ ਮਸ਼ੀਨਰੀ ਸਮੇਤ ਸੂਬੇ ਦੀ ਮਸ਼ੀਨਰੀ ਦੀ ਵਰਤੋਂ ਕਰ ਕੇ ਕੇਂਦਰ ਸਰਕਾਰ ਨੂੰ ਖੇਤੀਬਾੜੀ ਤੇ ਕਾਲੇ ਕਾਨੂੰਨਾਂ ਰਾਹੀਂ ਅਤੇ ਬੀ. ਐੱਸ. ਐੱਫ. ਰਾਹੀਂ ਪੰਜਾਬ ਪੁਲਸ ਦੀ ਸੰਵਿਧਾਨਕ ਅਥਾਰਟੀ ’ਤੇ ਡਾਕਾ ਮਾਰਨ ਤੋਂ ਰੋਕੇ।

ਇੱਥੇ ਰਾਜਪੁਰਾ, ਜਿਥੋਂ ਚਰਨਜੀਤ ਸਿੰਘ ਬਰਾੜ ਪਾਰਟੀ ਦੇ ਉਮੀਦਵਾਰ ਹਨ, ਵਿਖੇ ਲੋਕਾਂ ਨਾਲ ਸੰਪਰਕ ਦੀ ਰੁਝੇਵਿਆਂ ਭਰੀ ਮੁਹਿੰਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਦਨ ਸਿਰਫ ਗੈਰ-ਪ੍ਰਭਾਵਸ਼ਾਲੀ ਮਤਾ ਨਹੀਂ, ਸਗੋਂ ਇਕ ਨਿਰਦੇਸ਼ ਜਾਰੀ ਕਰੇ। ਅਸੀਂ ਸਦਨ ਤੋਂ ਇਹ ਸਪੱਸ਼ਟ ਨਿਰਦੇਸ਼ ਚਾਹਾਂਗੇ ਕਿ ਇਸ ਫ਼ੈਸਲੇ ਨੂੰ ਲਾਗੂ ਕਰਨ ਦੀ ਜ਼ਿੰਮੇਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੋਵੇਗੀ। ਸ. ਬਾਦਲ ਨੇ ਕਿਹਾ ਕਿ ਜਿਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਵਧਾਉਣ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ, ਉਸ ਤੋਂ ਸਾਬਿਤ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਕੇਂਦਰ ਸਰਕਾਰ ਨਾਲ ਰਲੀ ਸੀ ਤਾਂ ਜੋ ਇਹ ਕਦਮ ਸੰਭਵ ਹੋ ਸਕਿਆ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਸਿਰਫ ਚੰਦ ਦਿਨਾਂ ’ਚ ਨਹੀਂ ਲਏ ਜਾ ਸਕਦੇ। ਸਪੱਸ਼ਟ ਹੈ ਕਿ ਇਹ ਮਾਮਲਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵਿਚਾਰਿਆ ਗਿਆ ਹੋਵੇ।

ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਵੇਲੇ ਵਜ਼ਾਰਤ ਦਾ ਹਿੱਸਾ ਸਨ ਅਤੇ ਇਸ ਕਦਮ ਤੋਂ ਵਾਕਫ਼ ਸਨ। ਹੁਣ ਉਨ੍ਹਾਂ ਨੂੰ ਮਗਰਮੱਛ ਦੇ ਹੰਝੂ ਨਹੀਂ ਕੇਰਨੇ ਚਾਹੀਦੇ। ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਪੰਜਾਬੀਆਂ ਨਾਲ ਇਹ ਵੇਰਵੇ ਵੀ ਸਾਂਝੇ ਕਰਨ ਕਿ ਕਿਵੇਂ ਲੋਕਾਂ ਦੇ ਮਿਹਨਤ ਨਾਲ ਕਮਾਏ ਕਰੋੜਾਂ ਰੁਪਏ ਰੋਜ਼ਾਨਾ ਉਨ੍ਹਾਂ ਦਾ ‘ਆਮ ਤੇ ਗਰੀਬ ਆਦਮੀ’ ਵਜੋਂ ਅਕਸ ਉਭਾਰਨ ’ਤੇ ਬਰਬਾਦ ਕੀਤੇ ਜਾ ਰਹੇ ਹਨ। ਚੰਨੀ ਦੇ ਪੰਜਾਬ ਵਿਚ ਨਿਵੇਸ਼ ਬਾਰੇ ਵੱਡੇ-ਵੱਡੇ ਦਾਅਵਿਆਂ ਨੂੰ ਖਾਰਜ ਕਰਦਿਆਂ ਸ. ਬਾਦਲ ਨੇ ਚੁਣੌਤੀ ਦਿੱਤੀ ਕਿ ਮੁੱਖ ਮੰਤਰੀ ਸਰਕਾਰੀ ਵੈੱਬਸਾਈਟ ’ਤੇ ਵੇਰਵਾ ਦੇਣ ਕਿ ਕੀ ਇਕ ਕਰੋੜ ਰੁਪਏ ਦਾ ਵੀ ਨਿਵੇਸ਼ ਉਨ੍ਹਾਂ ਦੇ ਇਸ ਨਿਵੇਸ਼ ਸੰਮੇਲਨ ਦੇ ਸਦਕਾ ਅਸਲ ’ਚ ਹੋਇਆ ਹੋਵੇ। ਚੰਨੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜੋ ਵੀ ਨਿਵੇਸ਼ ਹੋਏ ਹਨ, ਉਨ੍ਹਾਂ ਨੂੰ ਜੇਕਰ ਜੋੜਿਆ ਜਾਵੇ ਤਾਂ ਇਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹੋਏ ਕਿਸੇ ਇਕ ਵੀ ਪ੍ਰਾਜੈਕਟ ਦੇ ਬਰਾਬਰ ਵੀ ਨਹੀਂ ਹੋਵੇਗਾ।

ਉਨ੍ਹਾਂ ਨੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦੁਆਇਆ। ਇਸ ਦੌਰਾਨ ਸ. ਬਾਦਲ ਨੇ ਹਲਕਾ ਵਿਧਾਇਕ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਹੁਲਾਰਾ ਦੇਣ ਦਾ ਵੀ ਦੋਸ਼ ਲਗਾਇਆ ਅਤੇ ਗਲਤ ਕਾਰਵਾਈਆਂ ਦੀ ਪੜਤਾਲ ਦਾ ਭਰੋਸਾ ਦੁਆਇਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਗੈਰ-ਕਾਨੂੰਨੀ ਡਿਸਟੀਲਰੀ ਚਲਾਉਣ ਲਈ ਵਿਧਾਇਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਡਾ. ਬੀ. ਆਰ. ਅੰਬੇਡਕਰ ਨੂੰ ਆਈ. ਟੀ. ਆਈ. ਚੌਕ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਬੁੱਤ ਨੂੰ ਵਾਰ-ਵਾਰ ਤੋੜਨ ’ਤੇ ਚਿੰਤਾ ਵੀ ਪ੍ਰਗਟ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਰਾਜਪੁਰਾ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ, ਜਿਸ ਦੌਰਾਨ ਲੋਕਾਂ ਨੇ ਨਹਿਰੀ ਪਾਣੀ ਦੀ ਘਾਟ ਅਤੇ ਹਲਕੇ ਵਿਚ ਕਾਨੂੰਨਹੀਣਤਾ ਦਾ ਮਾਮਲਾ ਚੁੱਕਿਆ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਐੱਨ. ਕੇ. ਸ਼ਰਮਾ ਅਤੇ ਹੋਰ ਆਗੂ ਮੌਜੂਦ ਸਨ।

Babita

This news is Content Editor Babita