ਸੁਖਬੀਰ ਨੇ ਪੁਰਾਣੇ ਨੇਤਾਵਾਂ ਨੂੰ ਸੌਂਪੀ ''ਬਸਪਾ'' ਨਾਲ ਗਠਜੋੜ ਦੀ ਜ਼ਿੰਮੇਵਾਰੀ

10/17/2020 7:32:09 AM

ਲੁਧਿਆਣਾ (ਹਿਤੇਸ਼) : ਅਕਾਲੀ ਦਲ ਵੱਲੋਂ ਖੇਤੀ ਕਾਨੂੰਨ ਦੇ ਵਿਰੋਧ ’ਚ ਭਾਜਪਾ ਨਾਲੋਂ ਦਹਾਕਿਆਂ ਪੁਰਾਣਾ ਰਿਸ਼ਤਾ ਤੋੜਨ ਦੇ ਫ਼ੈਸਲੇ ਨੇ ਪੰਜਾਬ ਦੇ ਸਿਆਸੀ ਹਲਾਤਾਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ, ਜਿਸ ਸਬੰਧੀ ਆਉਣ ਵਾਲੇ ਸਮੇਂ ਦੌਰਾਨ ਕੁਝ ਹੋਰ ਹਲਚਲ ਵੀ ਦੇਖਣ ਨੂੰ ਮਿਲ ਸਕਦੀ ਹੈ, ਜਿਸ ਦੇ ਤਹਿਤ ਅਕਾਲੀ ਦਲ ਵੱਲੋਂ ਬਸਪਾ ਨਾਲ ਗੱਠਜੋੜ ਕਰਨ ਦੇ ਯਤਨ ਤੇਜ਼ ਹੋ ਗਏ ਹਨ, ਜਿਸ ਦੀ ਜ਼ਿੰਮੇਵਾਰੀ ਸੁਖਬੀਰ ਬਾਦਲ ਨੇ ਪੁਰਾਣੇ ਨੇਤਾਵਾਂ ਨੂੰ ਸੌਂਪੀ ਹੈ।

ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਬਸਪਾ ਨੂੰ ਪੰਜਾਬ ਦੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ’ਚ ਮਿਲਣ ਵਾਲੇ ਦਲਿਤ ਵੋਟ ਬੈਂਕ ਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੁੰਦਾ ਹੈ। ਹੁਣ ਅਕਾਲੀ-ਭਾਜਪਾ ਦੀ ਲੜਾਈ ਤੋਂ ਬਾਅਦ ਵੋਟ ਸ਼ੇਅਰਿੰਗ ਨਾ ਹੋਣ ਦਾ ਫਾਇਦਾ ਕਾਂਗਰਸ ਨੂੰ ਮਿਲਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਸੁਖਬੀਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ 'ਚ ਵੀ ਅਕਾਲੀ ਦਲ ਦੇ ਵਜੂਦ ਨੂੰ ਬਚਾ ਕੇ ਰੱਖਣ ਦੀ ਹੈ, ਜਿਸ ਦੇ ਤਹਿਤ ਨਵੇਂ ਬਦਲ ਦੀ ਭਾਲ ਸ਼ੁਰੂ ਹੋ ਗਈ ਹੈ ਕਿਉਂਕਿ ਅਕਾਲੀ ਦਲ ਨੂੰ ਟਕਸਾਲੀ ਗਰੁੱਪ ਦੇ ਵਿਰੋਧ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਵੀ ਕਰਨੀ ਪਵੇਗੀ।

ਅਜਿਹੇ 'ਚ ਅਕਾਲੀ ਦਲ ਦੀ ਨਜ਼ਰ ਸਭ ਤੋਂ ਪਹਿਲਾਂ ਬਸਪਾ ’ਤੇ ਪਈ ਹੈ, ਜਿਸ ਦੇ ਵੋਟ ਬੈਂਕ ਦੀ ਜ਼ਮੀਨੀ ਹਕੀਕਤ ਨੂੰ ਲੈ ਕੇ ਫੀਡਬੈਕ ਜੁਟਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਬਸਪਾ ਦੀ ਅਗਵਾਈ ਦੇ ਨਾਲ ਪੁਰਾਣੇ ਰਿਸ਼ਤੇ ਰੱਖਣ ਵਾਲੇ ਅਕਾਲੀ ਦਲ 'ਚ ਸ਼ਾਮਲ ਹੋ ਚੁੱਕੇ ਨੇਤਾਵਾਂ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਯੂ. ਪੀ. 'ਚ ਬਸਪਾ ਨੂੰ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਤੋਂ ਦੂਰ ਰੱਖਣ ਵਾਲੀ ਭਾਜਪਾ ਹੁਣ ਉਸ ਨੂੰ ਪੰਜਾਬ 'ਚ ਅਕਾਲੀ ਦਲ ਨਾਲ ਨਵੀਂ ਦੋਸਤੀ ਕਰਨ ਤੋਂ ਰੋਕ ਪਾਉਂਦੀ ਹੈ ਜਾਂ ਨਹੀਂ।
 


Babita

Content Editor

Related News