ਚੋਣਾਂ ਤੋਂ ਬਾਅਦ ਗਰਜਿਆ ਸੁਖਬੀਰ, ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ

05/23/2019 7:11:29 PM

ਲੰਬੀ/ਮਲੋਟ (ਜੁਨੇਜਾ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਵੱਡੀ ਲੀਡ ਨਾਲ ਜਿੱਤੇ ਹਨ। ਸੁਖਬੀਰ ਬਾਦਲ ਨੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 1,97,008 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਵੱਡੀ ਜਿੱਤ ਹਾਸਲ ਕਰਨ 'ਤੇ ਸੁਖਬੀਰ ਬਾਦਲ ਨੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕਿ ਕੈਪਟਨ ਅਮਰਿੰਦਰ ਸਿੰਘ ਦਾ 'ਮਿਸ਼ਨ 13' ਫੇਲ੍ਹ ਹੋ ਗਿਆ ਹੈ। ਪਿੰਡ ਬਾਦਲ ਵਿਖੇ ਪੁੱਜੇ ਸੁਖਬੀਰ ਨੇ ਆਪਣੀ ਅਤੇ ਪਤਨੀ ਹਰਸਿਮਰਤ ਕੌਰ ਬਾਦਲ ਦੀ ਸ਼ਾਨਦਾਰ ਜਿੱਤ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਰੇ ਵਿਰੋਧੀਆਂ ਨੂੰ ਇਕੱਠੇ ਕਰਕੇ ਇਕ ਹੀ ਮਕਸਦ ਬਣਾਇਆ ਸੀ ਕਿ ਬਾਦਲ ਪਰਿਵਾਰ ਦਾ ਵਿਰੋਧ ਕਰਨਾ ਹੈ। ਇਸ ਲਈ ਉਨ੍ਹਾਂ ਨੇ ਪੰਜਾਬ ਅੰਦਰ ਅਤੇ ਖਾਸ ਕਰਕੇ ਇਨ੍ਹਾਂ ਦੋਹਾਂ ਸੀਟਾਂ 'ਤੇ ਹਰ ਹੱਥ ਕੰਡਾ ਵਰਤਿਆਂ ਪਰ ਪਰਮਾਤਮਾ ਦਾ ਆਸ਼ੀਰਵਾਦ ਰਿਹਾ ਅਤੇ ਲੋਕਾਂ ਦਾ ਪਿਆਰ ਉਨ੍ਹਾਂ ਦੇ ਨਾਲ ਰਿਹਾ, ਜਿਸ ਕਰਕੇ ਉਨ੍ਹਾਂ ਨੇ ਦੋਹਾਂ ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਲਈ ਇਹ ਵੱਡੀ ਜੰਗ ਸੀ ਜਿਸ 'ਚ ਵਾਹਿਗੁਰੂ ਦੀ ਕ੍ਰਿਪਾ ਅਤੇ ਵਰਕਰਾਂ ਦੀ ਮਿਹਨਤ ਨਾਲ ਉਨ੍ਹਾਂ ਨੂੰ ਜਿੱਤ ਮਿਲੀ ਹੈ, ਜਿਸ ਲਈ ਉਹ ਪਰਮਾਤਮਾ ਦਾ ਸ਼ੁਕਰ ਕਰਨ ਦੇ ਨਾਲ ਲੋਕਾਂ ਦਾ ਧੰਨਵਾਦ ਵੀ ਕਰਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰਨ ਲਈ ਵੱਡੇ ਦਾਅਵੇ ਕੀਤੇ ਸਨ ਪਰ ਉਨ੍ਹਾਂ ਦੀ ਪਾਰਟੀ ਦਾ ਪ੍ਰਧਾਨ ਸੁਨੀਲ ਜਾਖੜ ਵੀ ਚੋਣ ਹਾਰ ਗਿਆ ਹੈ, ਇਸ ਦੇ ਨਾਲ ਹੀ ਕੈਪਟਨ ਦਾ ਸਾਰੀਆਂ ਸੀਟਾਂ 'ਤੇ ਜਿੱਤਣ ਦਾ ਸੁਪਨਾ ਵੀ ਪੂਰਾ ਨਹੀਂ ਹੋਇਆ । 

Anuradha

This news is Content Editor Anuradha