ਕੀ ਬਾਗੀਆਂ ਖਿਲਾਫ ਕੀਤੀ ਕਾਰਵਾਈ ਰੋਕ ਸਕੇਗੀ ਅਕਾਲੀ ਦਲ ਦਾ ਵਿਦਰੋਹ!

11/11/2018 6:21:05 PM

ਜਲੰਧਰ (ਗੁਰਮਿੰਦਰ ਸਿੰਘ) : ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਕਾਰਵਾਈ ਕਰਦੇ ਹੋਏ ਮਾਝੇ ਦੇ ਚੋਟੀ ਦੇ ਲੀਡਰਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਟਕਸਾਲੀਆਂ ਖਿਲਾਫ ਕੀਤੀ ਗਈ ਇਸ ਕਾਰਵਾਈ ਰਾਹੀਂ ਸੁਖਬੀਰ ਬਾਦਲ ਨੇ ਬਾਗੀਆਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਜੇਕਰ ਕੋਈ ਪਾਰਟੀ ਵਿਚ ਉਨ੍ਹਾਂ ਖਿਲਾਫ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਹਾਲ ਵੀ ਟਕਸਾਲੀਆਂ ਵਾਲਾ ਹੋਵੇਗਾ। ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਪਾਰਟੀ 'ਚ ਉੱਠੀਆਂ ਬਗਾਵਤੀ ਸੁਰਾਂ ਨੇ ਸਭ ਤੋਂ ਪਹਿਲੀ ਬਲੀ ਮਾਝੇ ਦੇ ਚੋਟੀ ਦੇ ਲੀਡਰ ਸੇਵਾ ਸਿੰਘ ਸੇਖਵਾਂ ਦੀ ਲਈ। 


ਸੇਖਵਾਂ ਖਿਲਾਫ ਪਾਰਟੀ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਬਾਕੀ ਬਾਗੀਆਂ ਦਾ ਹਸ਼ਰ ਵੀ ਲਗਭਗ ਤੈਅ ਹੀ ਸੀ, ਸਿਰਫ ਰਸਮੀ ਤੌਰ 'ਤੇ ਐਲਾਨ ਹੋਣਾ ਬਾਕੀ ਸੀ, ਜਿਹੜਾ ਐਤਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਰ ਦਿੱਤਾ ਗਿਆ। ਇਸ ਦੌਰਾਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਰਟੀ ਵਲੋਂ ਸਿਰਫ ਰਣਜੀਤ ਸਿੰਘ ਬ੍ਰਹਮਪੁਰਾ ਜਾਂ ਰਤਨ ਸਿੰਘ ਅਜਨਾਲਾ ਖਿਲਾਫ ਹੀ ਕਾਰਵਾਈ ਨਹੀਂ ਕੀਤੀ ਗਈ ਸਗੋਂ ਇਨ੍ਹਾਂ ਦੋਵਾਂ ਹੰਢੇ ਹੋਏ ਲੀਡਰਾਂ ਦੇ ਪੁੱਤਰਾਂ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਅਮਰਪਾਲ ਸਿੰਘ ਬੋਨੀ ਨੂੰ ਵੀ ਪਾਰਟੀ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ। 


ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਬਾਦਲ ਪਰਿਵਾਰ ਖਿਲਾਫ ਆਵਾਜ਼ ਚੁੱਕਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਬਾਦਲ ਪਰਿਵਾਰ ਖਿਲਾਫ ਝੰਡਾ ਚੁੱਕਣ ਵਾਲੇ ਟੌਹੜਾ ਅਤੇ ਬਰਨਾਲਾ ਪਰਿਵਾਰ ਨੂੰ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਬਾਗੀਆਂ ਖਿਲਾਫ ਵੱਡੀ ਕਾਰਵਾਈ ਕਰਕੇ ਸੁਖਬੀਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਜੇਕਰ ਕੋਈ ਉਨ੍ਹਾਂ ਖਿਲਾਫ ਆਵਾਜ਼ ਚੁੱਕੇਗਾ ਤਾਂ ਉਸ ਦਾ ਹਸ਼ਰ ਵੀ ਇਨ੍ਹਾਂ ਆਗੂਆਂ ਵਾਲਾ ਹੀ ਹੋਵੇਗਾ। ਫਿਲਹਾਲ ਸੁਖਬੀਰ ਵਲੋਂ ਲਿਆ ਗਿਆ ਇਹ ਸਖਤ ਫੈਸਲਾ ਪਾਰਟੀ ਵਿਚਲੇ ਵਿਦਰੋਹ ਨੂੰ ਠੱਲ੍ਹ ਪਾਉਣ ਵਿਚ ਕਿੰਨਾ ਕੁ ਕਾਰਗਰ ਸਾਬਤ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।