ਅਕਾਲੀ ਸਿਆਸਤ ’ਚ ਧਮਾਕਾ, ਸੁਖਬੀਰ ਵਲੋਂ ਵਲਟੋਹਾ ਨੂੰ ਟਿਕਟ ਦੇਣ ਤੋਂ ਬਾਅਦ ਭੈਣ ਪਰਨੀਤ ਕੌਰ ਦਾ ਵੱਡਾ ਐਲਾਨ

03/16/2021 6:26:13 PM

ਅੰਮ੍ਰਿਤਸਰ - 2022 ਦੀਆਂ ਵਿਧਾਨ ਸਭਾ ਚੋਣਾਂ ਤੋਂ 10 ਮਹੀਨੇ ਪਹਿਲਾਂ ਚੋਣ ਬਿਗੁਲ ਵਜਾਉਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਅਕਾਲੀ ਦਲ ਨੂੰ ਇਹ ਚੁਣੌਤੀ ਕਿਤੋਂ ਹੋਰ ਨਹੀਂ ਸਗੋਂ ਪਰਿਵਾਰ ਵਿਚੋਂ ਹੀ ਮਿਲੀ ਹੈ। ਦਰਅਸਲ ਸ਼੍ਰੋਮਣੀ ਅਕਾਲੀ ਬਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਜੀਜਾ ਅਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਹਮੋ-ਸਾਹਮਣੇ ਹੋ ਗਏ ਹਨ। ਸੋਮਵਾਰ ਨੂੰ ਤਰਨਤਾਰਨ ਦੇ ਅਮਰਕੋਟ ਵਿਚ ਸੁਖਬੀਰ ਸਿੰਘ ਬਾਦਲ ‘ਪੰਜਾਬ ਮੰਗਦਾ ਜਵਾਬ’ਮੁਹਿੰਮ ਤਹਿਤ ਕੀਤੀ ਰੈਲੀ ਦੇ ਮੰਚ ’ਤੇ ਐਲਾਨ ਕੀਤਾ ਕਿ 2022 ਦੀਆਂ ਚੋਣਾਂ ਵਿਚ ਖੇਮਕਰਨ ਤੋਂ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਪਾਰਟੀ ਦੇ ਉਮੀਦਵਾਰ ਹੋਣਗੇ। ਵਲਟੋਹਾ ਅਕਾਲੀ ਸਿਆਸਤ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਰੋਧੀ ਹਨ। 

ਇਹ ਵੀ ਪੜ੍ਹੋ : ਮਾਲਵਾ ਖਿੱਤੇ ’ਤੇ ਆਮ ਆਦਮੀ ਪਾਰਟੀ ਦੀ ਵੱਡੀ ਟੇਕ, 2022 ਚੋਣਾਂ ਲਈ ਰਣਨੀਤੀ ਘੜਨੀ ਸ਼ੁਰੂ

ਉਧਰ, ਸੁਖਬੀਰ ਦੇ ਐਲਾਨ ਤੋਂ ਕੁੱਝ ਘੰਟਿਆਂ ਬਾਅਦ ਹੀ ਕੈਰੋਂ ਦੇ ਸਿਆਸੀ ਸਲਾਹਕਾਰ ਗੁਰਮੁਖ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਐਲਾਨ ਕੀਤਾ ਕਿ 2022 ਦੀਆਂ ਚੋਣਾਂ ਵਿਚ ਖੇਮਕਰਨ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਬੀਬਾ ਪਰਨੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਪਰਨੀਤ ਕੌਰ ਪ੍ਰਕਾਸ਼ ਸਿੰਘ ਬਾਦਲ ਦੀ ਧੀ ਅਤੇ ਸੁਖਬੀਰ ਸਿੰਘ ਬਾਦਲ ਦੀ ਭੈਣ ਹੈ। ਸਿਆਸੀ ਮਾਹਿਰਾਂ ਅਨੁਸਾਰ ਗੁਰਮੁਖ ਸਿੰਘ ਵਲੋਂ ਜਾਰੀ ਵੀਡੀਓ ਪਿੱਛੇ ਆਦੇਸ਼ ਪ੍ਰਤਾਪ ਕੈਰੋਂ ਹੀ ਹਨ। 

ਇਹ ਵੀ ਪੜ੍ਹੋ : ਕੋਰੋਨਾ ਦੇ ਖ਼ਤਰੇ ਕਾਰਨ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਿਦਿਆਰਥੀਆਂ ਲਈ ਜਾਰੀ ਕੀਤੇ ਨਵੇਂ ਹੁਕਮ

ਇਸ ਦੇ ਨਾਲ ਹੀ ਮਾਝਾ ਹਲਕੇ ਦੀ ਅਕਾਲੀ ਸਿਆਸਤ ਵਿਚ ਨਵੇਂ ਸਮੀਕਰਣ ਬਣਦੇ ਨਜ਼ਰ ਆ ਰਹੇ ਹਨ। ਵਲਟੋਹਾ ਨੂੰ ਬਿਕਰਮ ਮਜੀਠੀਆ ਦਾ ਖਾਸਮ-ਖਾਸ ਮੰਨਿਆ ਜਾਂਦਾ ਹੈ ਅਤੇ ਮਜੀਠੀਆ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਹਨ। ਹਾਲਾਂਕਿ ਗੁਰਮੁਖ ਸਿੰਘ ਵਲੋਂ ਜਾਰੀ ਵੀਡੀਓ ਵਿਚ ਸਾਫ਼ ਤੌਰ ’ਤੇ ਆਖਿਆ ਗਿਆ ਹੈ, ਹਲਕਾ ਖੇਮਕਰਨ ਤੋਂ ਕੈਰੋਂ ਪਰਿਵਾਰ ਦੇ ਚੋਣ ਲੜਨ ਦਾ ਫ਼ੈਸਲਾ ਆਖਰੀ ਹੈ ਅਤੇ ਬੀਬਾ ਪਰਨੀਤ ਕੌਰ ਹੀ ਉਥੋਂ ਚੋਣ ਲੜਨਗੇ। ਅਜਿਹੇ ਵਿਚ ਆਉਣ ਸਮੇਂ ਦੌਰਾਨ ਬਾਦਲ ਪਰਿਵਾਰ ਦਰਮਿਆਨ ਟਿਕਟ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਕੀ ਰੂਪ ਲੈਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। 

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵਲੋਂ ਪਹਿਲੇ ਉਮੀਦਵਾਰ ਦਾ ਐਲਾਨ, ਜਲਾਲਾਬਾਦ ਤੋਂ ਚੋਣ ਲੜਨਗੇ ਸੁਖਬੀਰ ਬਾਦਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 

Gurminder Singh

This news is Content Editor Gurminder Singh