ਢਿੱਲੋਂ ਦੀ ਲਿਸਟ ਪੁੱਜੀ ਸੁਖਬੀਰ ਦੇ ਦਰਬਾਰ, ਹੁਣ ਲੱਗੇਗੀ ਮੋਹਰ!

06/19/2018 12:21:37 PM

ਲੁਧਿਆਣਾ (ਜ.ਬ.) : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਆਪਣਾ ਲੁਧਿਆਣਾ ਸ਼ਹਿਰੀ ਜਥੇਬੰਦੀ ਦੀ ਲੁਧਿਆਣਾ ਦੇ ਹਲਕਾ ਇੰਚਾਰਜਾਂ ਤੋਂ ਕੰਮ ਲੈਣ ਉਪਰੰਤ ਲਿਸਟ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਰਬਾਰ ਚੰਡੀਗੜ੍ਹ ਭੇਜ ਦਿੱਤੀ ਹੈ। ਜਿਸ ’ਤੇ ਦੋ-ਤਿੰਨ ਦਿਨਾਂ ਵਿਚ ਮੋਹਰ ਲੱਗ ਜਾਣ ’ਤੇ ਫਿਰ ਇਹ ਅਹੁਦੇਦਾਰੀਆਂ ਦੀ ਲਿਸਟ ਚੰਡੀਗੜ੍ਹ ਤੋਂ ਜਾਰੀ ਹੋ ਜਾਵੇਗੀ। ਪਿਛਲੇ ਡੇਢ ਸਾਲ ਤੋਂ ਉਬਾਸੀਆਂ ਲੈ ਰਹੇ ਅਕਾਲੀ ਨੇਤਾਵਾਂ ਦੀ ਇਹ ਲਿਸਟ ਉਨ੍ਹਾਂ ਦੇ ਅਹੁਦੇਦਾਰੀਆਂ ਦੀਆਂ ਕਲਗੀਆਂ ਲਾ ਦੇਵੇਗੀ, ਜੋ ਅਕਾਲੀ ਦਲ ਪਿਛਲੇ ਸਮੇਂ 
ਤੋਂ ਵੈਂਟੀਲੇਟਰ ’ਤੇ ਪਿਆ ਦਿਖਾਈ ਦੇ ਰਿਹਾ ਹੈ, ਉਹ ਮੁੜ ਖੜ੍ਹਾ ਹੋ ਜਾਵੇਗਾ। 
ਅੱਜ ਲਿਸਟ ਨੂੰ ਚੰਡੀਗੜ੍ਹ ਭੇਜਣ ਸਬੰਧੀ ਸ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਲਿਸਟ ਹਾਈਕਮਾਨ ਨੂੰ ਭੇਜ ਦਿੱਤੀ ਹੈ ਅਤੇ ਹੁਣ ਹਾਈਕਮਾਨ ਦੋ ਤਿੰਨ ਦਿਨਾਂ ਵਿਚ ਉਸ ’ਤੇ ਮੋਹਰ ਲਾ ਕੇ ਐਲਾਨ ਕਰ ਦੇਵੇਗਾ। ਜਦੋਂ ਪੁੱਛਿਆ ਗਿਆ ਕਿ ਲਿਸਟ ਕਿੰਨੀ ਕੁ ਲੰਬੀ ਹੈ ਤਾਂ ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ।