ਜਬਰ ਵਿਰੋਧੀ ਅੰਦੋਲਨ ''ਤੇ ਸਿੱਧੂ ਦਾ ਤਿੱਖਾ ਪ੍ਰਤੀਕਰਮ : ''ਸੁੱਖਾ ਗੱਪੀ ਐਵੇਂ ਹੁਣ ਮਾਰ ਰਿਹੈ ਗੱਪਾਂ''

08/06/2017 7:48:21 AM

ਸੁਲਤਾਨਪੁਰ ਲੋਧੀ  (ਸੋਢੀ) – ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅਮਰਿੰਦਰ ਸਰਕਾਰ ਵਿਰੁੱਧ ਸ਼ੁਰੂ ਕੀਤੇ ਜਬਰ ਵਿਰੋਧੀ ਅੰਦੋਲਨ 'ਤੇ ਆਪਣੇ ਤਿੱਖਾ ਪ੍ਰਤੀਕ੍ਰਮ ਦਿੰਦੇ ਹੋਏ ਕਿਹਾ ਕਿ 'ਸੁੱਖਾ ਗੱਪੀ ਐਵੇਂ ਹੁਣ ਵਿਹਲਾ ਗੱਪਾਂ' ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਲਾਲ ਬੱਤੀ ਕਾਰਾਂ 'ਚ ਹੀ ਵਿਕਦਾ ਸੀ 'ਚਿੱਟਾ'
ਸਿੱਧੂ ਨੇ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੁੱਖਾ ਗੱਪੀ ਦੇ ਨਾਮ ਨਾਲ ਸੰਬੋਧਨ ਕਰਦੇ ਹੋਏ ਦੋਸ਼ ਲਾਇਆ ਕਿ ਪਿਛਲੀ ਸਰਕਾਰ ਸਮੇਂ 10 ਸਾਲ ਜਿਨ੍ਹਾਂ ਲੋਕਤੰਤਰ ਦੀ ਥਾਂ 'ਤੇ ਗੁੰਡਾ ਤੰਤਰ ਚਲਾਇਆ, ਉਹ ਹੁਣ ਕਿਹੜੇ ਮੂੰਹ ਨਾਲ ਕੈਪਟਨ ਸਰਕਾਰ 'ਤੇ ਝੂਠੇ ਦੋਸ਼ ਮੜ੍ਹ ਰਹੇ ਹਨ। ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਤਾਂ ਲਾਲ ਬੱਤੀ ਕਾਰਾਂ 'ਚ ਹੀ ਚਿੱਟਾ ਵਿਕਦਾ ਸੀ, ਜਿਸਨੂੰ ਕੈਪਟਨ ਸਰਕਾਰ ਨੇ ਬੰਦ ਕਰਵਾਇਆ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਸਮੇਂ ਕਿਸੇ ਨਾਲ ਵੀ ਜ਼ੁਲਮ ਨਹੀਂ ਹੋਇਆ ਤੇ ਜੇਕਰ ਕਿਸੇ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਹੈ ਤਾਂ ਉਹ ਕੈਪਟਨ ਸਾਹਿਬ ਦੇ ਧਿਆਨ 'ਚ ਲਿਆਵੇ ਤਾਂ ਜੋ ਪੜਤਾਲ ਕਰਵਾਈ ਜਾ ਸਕੇ।
ਪਿੰਡ ਸੀਚੇਵਾਲ 'ਚ ਸੰਤ ਬਲਬੀਰ ਸਿੰਘ ਵਲੋਂ ਸਿਰਫ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਸੀਵਰੇਜ ਦੇ ਟਰੀਟਮੈਂਟ ਪਲਾਂਟ ਦਾ ਦੌਰਾ ਕਰਨ ਉਪਰੰਤ ਸਿੱਧੂ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਤਿਆਰ ਕਰਵਾਏ ਗਏ ਟਰੀਟਮੈਂਟ ਪਲਾਂਟ ਤੋਂ ਪਾਣੀ ਸਾਫ ਕਰਕੇ ਖੇਤੀ ਲਈ ਵਰਤਿਆ ਜਾ ਰਿਹਾ ਹੈ ਤੇ ਪਾਣੀ ਤੋਂ ਕੋਈ ਵੀ ਬਦਬੂ ਵੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਉਹ ਅੱਜ ਸਪੈਸ਼ਲ ਹੀ ਬਾਬਾ ਸੀਚੇਵਾਲ ਵਲੋਂ ਤਿਆਰ ਟਰੀਟਮੈਂਟ ਪਲਾਂਟ ਨੂੰ ਦੇਖਣ ਤੇ ਇਥੋਂ ਕੁਝ ਸਿੱਖਣ ਲਈ ਇਥੇ ਆਏ ਹਨ, ਜਿਸ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ।
ਸਥਾਨਕ ਸਰਕਾਰਾਂ ਮੰਤਰੀ ਸਿੱਧੂ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਨੇ ਪੰਜਾਬ 'ਚ ਟਰੀਟਮੈਂਟ ਪਲਾਂਟ ਲਗਾਉਣ ਲਈ 700 ਕਰੋੜ ਰੁਪਏ ਖਰਚ ਕੀਤੇ, ਜਿਸਦੀ ਅੱਜ ਦੀ ਵੈਲਿਊ 1300 ਕਰੋੜ ਹੈ, ਪ੍ਰੰਤੂ ਇੰਨਾ ਪੈਸਾ ਖਰਚ ਕਰਕੇ ਵੀ ਪੰਜਾਬ 'ਚ ਬਣਾਏ ਹੋਏ ਪਹਿਲੇ ਟਰੀਟਮੈਂਟ ਪਲਾਂਟਾਂ 'ਚੋਂ ਕਿਸੇ ਦਾ ਵੀ ਪਾਣੀ ਸਾਫ ਕਰਕੇ ਖੇਤੀ ਲਈ ਨਹੀਂ ਵਰਤਿਆ ਗਿਆ ਤੇ 700 ਕਰੋੜ ਰੁਪਏ ਨਾਜਾਇਜ਼ ਹੀ ਖਰਚ ਕੀਤੇ ਗਏ। ਸਿੱਧੂ ਨੇ ਕਿਹਾ ਕਿ ਬਾਬਾ ਜੀ ਵਲੋਂ 12 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਟਰੀਟਮੈਂਟ ਪਲਾਂਟ ਦਾ ਲਾਭ 100 ਗੁਣਾ ਜ਼ਿਆਦਾ ਹੈ।
ਕੇਬਲ-ਮਾਫੀਆ ਨੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ
ਫਾਸਟ-ਵੇ ਚੈਨਲ ਸਬੰਧੀ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਕੇਬਲ ਮਾਫੀਆ ਵਲੋਂ ਉਸ ਸਮੇਂ ਦੇ ਅਕਾਲੀ ਹੁਕਮਰਾਨਾਂ ਨਾਲ ਮਿਲੀਭੁਗਤ ਕਰਕੇ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦੇ ਟੈਕਸਾਂ ਦਾ ਭਾਰੀ ਚੂਨਾ ਲਗਾਇਆ ਗਿਆ। ਪਿੰਡ ਸੀਚੇਵਾਲ ਵਿਖੇ ਪੁੱਜਣ 'ਤੇ ਨਵਜੋਤ ਸਿੱਧੂ ਦਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਰਾਜਾ ਗੁਰਪ੍ਰੀਤ ਸਿੰਘ ਸੁਲਤਾਨਪੁਰ, ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਬਾਬਾ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਬਲਦੇਵ ਸਿੰਘ ਰੰਗੀਲਪੁਰ ਤੇ ਐਡਵੋਕੇਟ ਗਗਨਦੀਪ ਸਿੰਘ ਸੁੱਖ ਨੇ ਵੀ ਸਵਾਗਤ ਕੀਤਾ। ਰਾਜਾ ਗੁਰਪ੍ਰੀਤ ਸਿੰਘ ਨੇ ਸਿੱਧੂ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਜ਼ੋਰ ਲਾਉਣ ਦੀ ਅਪੀਲ ਕੀਤੀ। ਇਸ ਸਮੇਂ ਪੰਜਾਬ ਸਰਕਾਰ ਦੇ ਐਡੀਸ਼ਨਲ ਚੀਫ ਸੈਕਟਰੀ ਸਤੀਸ਼ ਚੰਦਰਾ, ਬਰਜਿੰਦਰ ਸਿੰਘ ਡਿਪਟੀ ਡਾਇਰੈਕਟਰ ਜਲੰਧਰ ਰੀਜਨ ਤੇ ਐੱਸ. ਡੀ. ਐੱਮ. ਸ਼ਾਹਕੋਟ ਨਵਜੋਤ ਕੌਰ ਆਦਿ ਹਾਜ਼ਰ ਸਨ।