12ਵੀਂ ਜਮਾਤ 'ਚੋਂ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ ਕਰਵਾਈ ਬੱਲੇ-ਬੱਲੇ, ਸੂਬੇ 'ਚ ਹਾਸਲ ਕੀਤੀ 1st ਪੁਜ਼ੀਸ਼ਨ

05/24/2023 7:26:05 PM

ਮਾਨਸਾ (ਸੰਦੀਪ ਮਿੱਤਲ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚੋਂ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੀ ਗਰੀਬ ਪਰਿਵਾਰ ਨਾਲ ਸਬੰਧਤ ਅਨੁਸੂਚਿਤ ਜਾਤੀ ਦੀ ਲੜਕੀ ਨੇ 500 'ਚੋਂ 500 ਅੰਕ ਲੈ ਕੇ ਸੂਬੇ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ। ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਦੀ ਇਸ ਪ੍ਰਾਪਤੀ ਨੂੰ ਲੈ ਕੇ ਉਸ ਦਾ ਪਰਿਵਾਰ, ਸਕੂਲ ਅਤੇ ਇਲਾਕੇ 'ਚ ਖੁਸ਼ੀ ਪਾਈ ਜਾ ਰਹੀ ਹੈ। ਸੁਜਾਨ ਕੌਰ ਪੜ੍ਹਾਈ ਦੇ ਨਾਲ-ਨਾਲ ਕਰਾਟੇ, ਮਾਰਸ਼ਲ ਆਰਟ, ਕਿੱਕ ਬਾਕਸਿੰਗ ਅਤੇ ਤਾਈਕਵਾਂਡੋ 'ਚ ਵੀ ਸੂਬਾ ਪੱਧਰੀ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਚੁੱਕੀ ਹੈ।

ਇਹ ਵੀ ਪੜ੍ਹੋ : ਸੂਬੇ 'ਚ ਹੜ੍ਹ ਰੋਕੂ ਕਾਰਜਾਂ ਲਈ 99.33 ਕਰੋੜ ਰੁਪਏ ਰੱਖੇ, 30 ਜੂਨ ਤੱਕ ਮੁਕੰਮਲ ਹੋਣਗੇ ਕੰਮ : ਮੀਤ ਹੇਅਰ

ਉਸ ਨੇ ਆਪਣੀ ਪੜ੍ਹਾਈ ਦੌਰਾਨ ਨਾ ਕਦੇ ਕੋਈ ਟਿਊਸ਼ਨ ਰੱਖੀ ਤੇ ਨਾ ਹੀ ਕਦੇ ਕੋਈ ਅਲੱਗ ਤੋਂ ਕੋਚਿੰਗ ਲਈ ਹੈ। ਪਰਿਵਾਰ 'ਚ 2 ਭੈਣਾਂ ਤੇ ਇਕ ਭਰਾ ਦੀ ਸਭ ਤੋਂ ਵੱਡੀ ਭੈਣ ਸੁਜਾਨ ਕੌਰ ਭਵਿੱਖ ਵਿੱਚ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਦੇ ਪਿਤਾ ਨਿਰਮਲ ਸਿੰਘ ਫ਼ੌਜ 'ਚ ਸੇਵਾ-ਮੁਕਤ ਹੋਣ ਤੋਂ ਬਾਅਦ ਅੱਜ-ਕੱਲ੍ਹ ਚੰਡੀਗੜ੍ਹ ਵਿਖੇ ਪੁਲਸ ਦੀ ਨੌਕਰੀ ਕਰ ਰਹੇ ਹਨ। ਮਾਤਾ ਸਰਬਜੀਤ ਕੌਰ ਘਰੇਲੂ ਔਰਤ ਹੈ। ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਵਿਖੇ ਨਰਸਰੀ ਕਲਾਸ ਤੋਂ ਲੈ ਕੇ ਸੁਜਾਨ ਕੌਰ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ 12ਵੀਂ 'ਚ ਸੂਬੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਮਾਨਸਾ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ : ਤਰੁਣ ਚੁੱਘ ਨੇ '84 ਦੰਗਿਆਂ ਦੇ ਕੇਸ 'ਚ ਟਾਈਟਲਰ ਵਿਰੁੱਧ CBI ਦੀ ਚਾਰਜਸ਼ੀਟ ਦਾ ਕੀਤਾ ਸਵਾਗਤ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 8ਵੀਂ ਜਮਾਤ ਦੀ ਪ੍ਰੀਖਿਆ ਵਿੱਚ ਬੁਢਲਾਡਾ ਦੇ ਪਿੰਡ ਦਾਤੇਵਾਸ ਦੀਆਂ 2 ਲੜਕੀਆਂ ਅਤੇ 5ਵੀਂ ਜਮਾਤ ਦੀ ਪ੍ਰੀਖਿਆ 'ਚ ਪਿੰਡ ਰੱਲਾ ਦੀਆਂ 2 ਧੀਆਂ ਨੇ ਸੂਬੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ। ਸੁਜਾਨ ਕੌਰ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ 3 ਧੀਆਂ ਤੇ ਇਕ ਪੁੱਤਰ ਦੇ ਪਿਤਾ ਹਨ ਅਤੇ ਗਰੀਬ ਪਰਿਵਾਰ ਨਾਲ ਸਬੰਧਤ ਹਨ। ਨੌਕਰੀ ਤੋਂ ਬਿਨਾਂ ਉਨ੍ਹਾਂ ਕੋਲ ਕੋਈ ਜ਼ਮੀਨ ਆਦਿ ਨਹੀਂ ਹੈ. ਜਿਸ ਕਰਕੇ ਉਹ ਆਪਣੇ ਬੱਚਿਆਂ ਨੂੰ ਟਿਊਸ਼ਨ ਜਾਂ ਅਲੱਗ ਤੋਂ ਕੋਈ ਕੋਚਿੰਗ ਨਹੀਂ ਦਿਵਾ ਸਕੇ ਪਰ ਉਨ੍ਹਾਂ ਦੀ ਲੜਕੀ ਨੇ ਸੂਬੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਲਾਕੇ ਤੇ ਸਾਡਾ ਨਾਂ ਰੌਸ਼ਨ ਕੀਤਾ, ਜਿਸ ਤੋਂ ਉਹ ਗਦਗਦ ਹੋ ਉੱਠੇ ਹਨ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਆਦਮਪੁਰ ਹਲਕੇ ਲਈ 29 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਕੀਤਾ ਐਲਾਨ

ਉਹ ਧੀਆਂ ਦੇ ਮਾਪਿਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਲੜਕੀਆਂ ਨੂੰ ਕਿਸੇ ਕੰਮ 'ਚ ਘੱਟ ਨਾ ਸਮਝਣ। ਪੜ੍ਹਾਈ ਅਤੇ ਹੁਨਰ ਅੱਗੇ ਆਰਥਿਕ ਹਾਲਾਤ ਛੋਟੇ ਤਾਂ ਪੈ ਜਾਂਦੇ ਹਨ ਪਰ ਮੱਧਮ ਕਦੇ ਨਹੀਂ ਹੁੰਦੇ। ਸਿੱਖਿਆ ਦਾ ਚਾਨਣ ਹੁਨਰ ਨੂੰ ਤਰਾਸ਼ਦਾ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਨੂੰ ਕੋਈ ਅਫ਼ਸਰ ਬਣਾ ਕੇ ਆਪਣੇ ਵਾਂਗ ਦੇਸ਼ ਸੇਵਾ ਕਰਵਾਉਣਾ ਚਾਹੁੰਦੇ ਹਨ। ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੁਜਾਨ ਕੌਰ ਦੀ ਪ੍ਰਾਪਤੀ 'ਤੇ ਇਲਾਕੇ ਅਤੇ ਸਕੂਲ ਦਾ ਨਾਂ ਉੱਚਾ ਹੋਇਆ ਹੈ। ਇਹ ਧੀ ਪੂਰੇ ਪੰਜਾਬ ਲਈ ਪ੍ਰੇਰਣਾਦਾਇਕ ਬਣ ਗਈ ਹੈ।

ਇਹ ਵੀ ਪੜ੍ਹੋ : ਰੋਡਵੇਜ਼ ਦੀ ਬ੍ਰੇਕ ਫੇਲ੍ਹ ਹੋਣ 'ਤੇ ਵੱਜੀਆਂ ਗੱਡੀਆਂ 'ਚ ਗੱਡੀਆਂ, ਡਰਾਈਵਰ ਬੱਸ ਛੱਡ ਕੇ ਭੱਜਿਆ

ਉਧਰ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਪੰਜਾਬ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਤੇ ਪਿੰਡ ਕੋਟਧਰਮੂ ਦੇ ਸਰਪੰਚ ਕੁਲਵਿੰਦਰ ਸਿੰਘ ਸਿੱਧੂ ਨੇ ਸੁਜਾਨ ਕੌਰ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਕਿ ਸੁਜਾਨ ਕੌਰ ਨੂੰ ਸਨਮਾਨਿਤ ਅਤੇ ਸਹਿਯੋਗ ਕਰਨ ਲਈ ਉਹ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ ਸਿਫਾਰਸ਼ ਕਰਨਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh