ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

06/24/2018 5:34:07 AM

ਜਲੰਧਰ, (ਗੁਲਸ਼ਨ)- ਸ਼ਨੀਵਾਰ ਦੁਪਹਿਰ ਟਾਂਡਾ ਫਾਟਕ ਕੋਲ ਰੇਲਵੇ ਲਾਈਨਾਂ 'ਤੇ ਅੰਮ੍ਰਿਤਸਰ ਵੱਲੋਂ ਆ ਰਹੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਅੱਗੇ ਛਾਲ ਮਾਰ ਕੇ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ, ਜਿਸ ਦੀ ਪਛਾਣ ਸਾਈਨ ਬੋਰਡਾਂ ਦਾ ਕੰਮ ਕਰਨ ਵਾਲੇ ਸਤੀਸ਼ ਕੁਮਾਰ ਭੱਲਾ (70) ਪੁੱਤਰ ਸ਼ਾਮ ਲਾਲ ਭੱਲਾ ਵਾਸੀ ਕੋਟ ਕਿਸ਼ਨਚੰਦ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਵਿਅਕਤੀ ਨੇ ਰੇਲਵੇ ਲਾਈਨਾਂ ਨਾਲ ਆਪਣੀ ਐਕਟਿਵਾ ਖੜ੍ਹੀ ਕਰ ਕੇ ਟਰੇਨ ਅੱਗੇ ਛਾਲ ਮਾਰ ਦਿੱਤੀ। ਸੂਚਨਾ ਮਿਲਣ 'ਤੇ ਜੀ. ਆਰ. ਪੀ. ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਤੇ ਲਾਸ਼ ਕਬਜ਼ੇ 'ਚ ਲਈ।
ਮ੍ਰਿਤਕ ਸਤੀਸ਼ ਕੁਮਾਰ ਭੱਲਾ ਦੇ ਪੁੱਤਰ ਸੁਨੀਲ ਭੱਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦੇ ਪਿਤਾ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਜ਼ਰੂਰ ਸਨ ਪਰ ਅਜਿਹੀ ਘਟਨਾ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਮ੍ਰਿਤਕ ਦੇ ਬੇਟੇ ਦਾ ਭਗਤ ਸਿੰਘ ਚੌਕ ਕੋਲ ਭੱਲਾ ਸਾਈਨ ਬੋਰਡ ਦੇ ਨਾਂ ਤੋਂ ਕਾਰੋਬਾਰ ਹੈ। ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਇਸ ਸਬੰਧ 'ਚ ਧਾਰਾ 174 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।