ਆਤਮਹੱਤਿਆ ਦੇ ਮਾਮਲੇ ''ਚ ਪਤਨੀ ਸਮੇਤ 3 ਖਿਲਾਫ਼ ਮੁਕੱਦਮਾ ਦਰਜ

07/20/2017 2:19:22 PM

ਫ਼ਰੀਦਕੋਟ (ਜ.ਬ.)-ਆਤਮਹੱਤਿਆ ਕਰਨ ਦੇ ਮਾਮਲੇ 'ਚ ਕਸਬਾ ਜੈਤੋ ਵਾਸੀ ਕੁਸ਼ੱਲਿਆ ਦੇਵੀ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਬਬਲੀ, ਸਤਪਾਲ ਸਿੰਘ ਅਤੇ ਜਗਦੇਵ ਸਿੰਘ ਵਾਸੀ ਜੈਤੋ ਖਿਲਾਫ਼ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਲੜਕੇ ਟੇਕ ਚੰਦ ਦਾ ਵਿਆਹ 10 ਸਾਲ ਪਹਿਲਾਂ ਬਬਲੀ ਨਾਲ ਹੋਇਆ ਸੀ। ਉਸ ਦਾ ਲੜਕਾ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਦੋਵੇਂ ਜੀਆਂ ਦਾ ਆਪਸ ਵਿਚ ਝਗੜਾ ਚੱਲਦਾ ਰਹਿੰਦਾ ਸੀ।
ਸ਼ਿਕਾਇਤਕਰਤਾ ਅਨੁਸਾਰ ਬੀਤੀ 17 ਜੁਲਾਈ ਨੂੰ ਵੀ ਉਨ੍ਹਾਂ ਦਾ ਆਪਸ 'ਚ ਝਗੜਾ ਹੋ ਗਿਆ ਸੀ ਅਤੇ ਟੇਕ ਨੂੰ ਸਮਝਾਉਣ ਲਈ ਉਸ ਦੀ ਪਤਨੀ ਨੇ ਆਪਣੇ ਮਾਮੇ ਜਗਦੇਵ ਸਿੰਘ ਅਤੇ ਉਸ ਦੇ ਲੜਕੇ ਸਤਪਾਲ ਸਿੰਘ ਨੂੰ ਘਰ ਬੁਲਾ ਲਿਆ। 
ਉਸ ਨੇ ਦੋਸ਼ ਲਾਇਆ ਕਿ ਇਹ ਦੋਵੇਂ ਸਵੇਰੇ ਘਰ ਆ ਗਏ ਅਤੇ ਇਸ ਉਪਰੰਤ ਇਨ੍ਹਾਂ ਦੋਵਾਂ ਅਤੇ ਉਸ ਦੀ ਨੂੰਹ ਨੇ ਟੇਕ ਚੰਦ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। 
ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਟੇਕ ਚੰਦ ਘਰੋਂ ਚਲਾ ਗਿਆ ਅਤੇ ਇਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਉਪਰੰਤ ਇਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਇਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਮ੍ਰਿਤਕ ਦੀ ਪਤਨੀ ਬਬਲੀ, ਸਤਪਾਲ ਸਿੰਘ ਅਤੇ ਜਗਦੇਵ ਸਿੰਘ ਵਾਸੀ ਜੈਤੋ ਖਿਲਾਫ਼ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।