ਖੁਦਕੁਸ਼ੀ ਨੋਟ ਮਿਲਣ ਕਾਰਨ ਉਲਝਿਆ ਮੈਂਗੀ ਬਾਬਾ ਦੀ ਮੌਤ ਦਾ ਮਾਮਲਾ

01/16/2019 11:31:21 AM

ਕੋਟਕਪੂਰਾ (ਨਰਿੰਦਰ, ਜਗਤਾਰ) - ਬੀਤੀ ਸ਼ਾਮ ਇਲਾਕੇ ਦੀ ਪ੍ਰਸਿੱਧ ਧਾਰਮਿਕ ਸ਼ਖਸੀਅਤ ਰਜਿੰਦਰ ਸਿੰਘ ਮੈਂਗੀ ਬਾਬਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਘਰੋਂ ਖੁਦਕੁਸ਼ੀ ਨੋਟ ਮਿਲਣ ਨਾਲ ਇਹ ਮਾਮਲਾ ਹੋਰ ਉਲਝ ਗਿਆ। ਪੁਲਸ ਨੇ ਮ੍ਰਿਤਕ ਦੀ ਪਤਨੀ ਸੁਖਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਏ. ਐੱਸ. ਆਈ. ਸਤਪਾਲ ਸਿੰਘ ਨੂੰ ਦਿੱਤੇ ਬਿਆਨਾਂ 'ਚ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਸਹੁਰੇ ਹੇਮਰਾਜ ਮੈਂਗੀ ਨੇ ਆਪਣੇ ਵਲੋਂ ਕੁਝ ਜਗ੍ਹਾ ਦਾਨ ਕੀਤੀ ਸੀ ਅਤੇ ਕੁਝ ਜਗ੍ਹਾ ਮਾਸਟਰ ਹਰਗੋਬਿੰਦ ਰਾਏ ਵਲੋਂ ਵੀ ਗੁਰਦੁਆਰਾ ਸਾਹਿਬ ਬਣਾਉਣ ਲਈ ਦਾਨ ਕੀਤੀ ਗਈ ਸੀ। ਉਸ ਤੋਂ ਬਾਅਦ ਸ਼ਿਕਾਇਤਕਰਤਾ ਦੀ ਸੱਸ ਚਰਨਜੀਤ ਕੌਰ ਦੇ ਨਾਂ 'ਤੇ 250 ਗਜ਼ ਜਗ੍ਹਾ ਲੈ ਕੇ ਇਸ ਜਗ੍ਹਾ ਨੂੰ ਗੁਰਦੁਆਰਾ ਸਾਹਿਬ ਦੇ ਨਾਂ ਕਰਵਾ ਦਿੱਤਾ। ਜ਼ਿਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ 'ਚ ਵਾਪਰੇ ਬੇਅਦਬੀ ਕਾਂਡ ਕਾਰਨ ਉਸ ਦੇ ਪਤੀ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਤੋਂ ਅਸਮਰਥਾ ਪ੍ਰਗਟਾਈ ਅਤੇ ਪਾਵਨ ਸਰੂਪਾਂ ਨੂੰ ਬੜੇ ਸਤਿਕਾਰ ਨਾਲ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਪਹੁੰਚਾਇਆ। 

ਇਸ ਤੋਂ ਬਾਅਦ ਮੁਹੱਲੇ ਵਾਲਿਆਂ ਨੇ ਆਪਣੇ-ਆਪ ਇਕ ਕਮੇਟੀ ਬਣਾ ਲਈ, ਜਿਸ ਨੇ ਰਜਿੰਦਰ ਸਿੰਘ ਮੈਂਗੀ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ 'ਚ ਕਿਸੇ ਨਾਲ ਕੋਈ ਰਿਆਇਤ ਨਹੀਂ ਹੋਵੇਗੀ। ਵਿਸਰਾ ਅਤੇ ਫੋਰੈਂਸਿਕ ਰਿਪੋਰਟਾਂ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

rajwinder kaur

This news is Content Editor rajwinder kaur