ਅੱਲ੍ਹੜ ਪੁਣੇ ''ਚ ਪਿਆਰ ''ਚ ਅੰਨੇ ਕੁੜੀ-ਮੁੰਡੇ ਬਾਹਾਂ ਬੰਨ੍ਹ ਕੇ ਮਾਰੀ ਨਹਿਰ ''ਚ ਛਾਲ, ਦੇਖਣ ਵਾਲਿਆਂ ਦੇ ਹੋਏ ਰੌਂਗਟੇ ਖੜ

07/17/2017 7:29:36 PM

ਦੋਰਾਹਾ (ਗੁਰਮੀਤ ਕੌਰ) : ਅੱਲ੍ਹੜ ਪੁਣੇ 'ਚ ਪੈਰ ਧਰਦੇ ਹੀ ਅੱਜ ਕੱਲ ਦੇ ਮੁੰਡੇ-ਕੁੜੀਆਂ 'ਚ ਪ੍ਰੇਮ ਦਾ ਭੂਤ ਅਜਿਹਾ ਸਵਾਰ ਹੁੰਦਾ ਹੈ ਕਿ ਪ੍ਰੇਮ ਦੀ ਸ਼ੁਰੂਆਤ ਹੁੰਦੇ ਹੀ ਇਕੱਠਿਆਂ ਜਿਊਣ ਮਰਨ ਤੱਕ ਦੇ ਵਾਅਦੇ ਕਰ ਬੈਠਦੇ ਹਨ ਅਤੇ ਅਜਿਹੇ ਵਾਅਦੇ ਅੱਲ੍ਹੜ ਮੁੰਡੇ-ਕੁੜੀਆਂ ਨੂੰ ਮੌਤ ਦੇ ਮੂੰਹ ਤੱਕ ਲੈ ਜਾਂਦੇ ਹਨ। ਅਜਿਹੀ ਹੀ ਇਕ ਮਿਸਾਲ ਅੱਲ੍ਹੜ ਉਮਰੇ ਪ੍ਰੇਮ 'ਚ ਅੰਨ੍ਹੇ ਹੋਏ ਇਕ ਮੁੰਡਾ-ਕੁੜੀ ਵੱਲੋਂ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕਰ ਲਏ ਜਾਣ ਤੋਂ ਦੇਖਣ ਨੂੰ ਮਿਲੀ। ਘਟਨਾ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਦੋਰਾਹਾ ਨੇੜੇ ਨਹਿਰ ਪੁਲ ਗੁਰਥਲੀ ਵਿਖੇ ਵਾਪਰੀ। ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਖੀਂ ਦੇਖਣ ਵਾਲਿਆਂ ਮੁਤਾਬਕ ਲੁਧਿਆਣਾ ਵਾਲੇ ਪਾਸਿਓਂ ਦੁਪਹਿਰ 3 ਵਜੇ ਦੇ ਕਰੀਬ ਲਗਭਗ 15-16 ਉਮਰ ਦੇ ਕਰੀਬ ਕੁੜੀ-ਮੁੰਡਾ ਇਕ ਮੋਟਰਸਾਈਕਲ ਨੰਬਰ ਪੀ.ਬੀ. 10 ਜੀ.ਡੀ. 1490 ਹੀਰੋ ਸਪਲੈਂਡਰ 'ਤੇ ਸਵਾਰ ਹੋ ਕੇ ਆਏ ਜਿਨ੍ਹਾਂ ਆਪਣਾ ਮੋਟਰਸਾਈਕਲ ਨਹਿਰ ਕਿਨਾਰੇ ਖੜ੍ਹਾ ਕਰ ਦਿੱਤਾ। ਦੋਵੇਂ ਪਹਿਲਾਂ ਲੁਧਿਆਣਾ ਸਾਈਡ ਹੀ ਗੁਰਥਲੀ ਪੁਲ ਦੇ ਉਪਰ ਚੜ੍ਹ ਗਏ ਅਤੇ ਨਹਿਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਪਰ ਇਹ ਸਭ ਕੁਝ ਜਾਰੀ ਰੱਖਦੇ ਹੋਏ ਉਹ ਪੁਲ ਦੇ ਥੱਲੇ ਵਾਲੇ ਪਾਸੇ ਆ ਗਏ ਜਿੱਥੇ ਉਨ੍ਹਾਂ ਆਪਣੀਆਂ ਜੁੱਤੀਆਂ ਉਤਾਰੀਆਂ।
ਇਸ ਦੌਰਾਨ ਦੋਵਾਂ ਨੇ ਚੁੰਨੀ ਨਾਲ ਆਪਣੀ ਇਕ-ਇਕ ਬਾਂਹ ਬੰਨ੍ਹ ਲਈ ਅਤੇ ਨਹਿਰ 'ਚ ਛਾਲ ਮਾਰ ਦਿੱਤੀ। ਮੌਕੇ 'ਤੇ ਖੜ੍ਹੇ ਰਾਮਦਾਸ ਅਤੇ ਯਸ਼ਪਾਲ ਵਾਸੀ ਗੁਰਥਲੀ ਨੇ ਦੋਵਾਂ ਨੂੰ ਬਚਾਉਣ ਲਈ ਤੁਰੰਤ ਨਹਿਰ 'ਚ ਛਾਲਾਂ ਮਾਰ ਦਿੱਤੀਆਂ ਜਿਨ੍ਹਾਂ ਤਕਰੀਬਨ 75 ਫੁੱਟ ਦੀ ਦੂਰੀ ਤੋਂ ਲੜਕੀ ਨੂੰ ਜਿਊਂਦੀ ਕੱਢ ਲਿਆ ਜਦਕਿ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਅੱਗੇ ਰੁੜ੍ਹ ਗਿਆ। ਬਾਅਦ 'ਚ ਲੜਕੀ ਦੀ ਪਛਾਣ ਜੈਸਿਕਾ ਵਾਸੀ ਲੁਧਿਆਣਾ ਦੇ ਰੂਪ 'ਚ ਹੋਈ ਹੈ ਜਦਕਿ ਲੜਕੀ ਨੇ ਆਪਣੇ ਪ੍ਰੇਮੀ ਦਾ ਨਾਮ ਗੁਰਕਰਨ ਦੱਸਿਆ। ਘਟਨਾ ਸਥਾਨ 'ਤੇ ਪਹੁੰਚੀ ਰੂਰਲ ਰੈਪਿਡ ਪੁਲਸ ਮੁਲਾਜ਼ਮਾਂ ਨੇ ਲੜਕੀ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਦੋਰਾਹਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਮੌਕੇ 'ਤੇ ਜਾ ਕੇ ਲੜਕੀ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਿਆ ਕਿ ਉਹ ਲੁਧਿਆਣਾ ਵਿਖੇ ਇਕ ਕਾਨਵੈਂਟ ਸਕੂਲ 'ਚ ਬਾਰਵੀਂ ਕਲਾਸ 'ਚ ਨਾਨ ਮੈਡੀਕਲ ਦੀ ਵਿਦਿਆਰਥਣ ਹੈ। ਉੁਹ ਵਾਰ ਵਾਰ ਆਪਣੇ ਪ੍ਰੇਮੀ 'ਗੁਰੀ ਨਾਲ ਮਿਲਾ ਦਿਉ' ਕਹਿ ਕੇ ਉੱਚੀ-ਉੱਚੀ ਰੋ ਰਹੀ ਸੀ ਅਤੇ ਉਨ੍ਹਾਂ ਨਹਿਰ 'ਚ ਛਾਲ ਕਿਉਂ ਮਾਰੀ, ਦੇ ਬਾਰੇ ਲੜਕੀ ਨੇ ਕੁਝ ਨਹੀਂ ਦੱਸਿਆ।
ਘਟਨਾ ਸਥਾਨ 'ਤੇ ਟ੍ਰੈਫਿਕ ਇੰਚਾਰਜ ਗੁਰਦੀਪ ਸਿੰਘ ਠੇਕੀ ਪਹੁੰਚੇ ਜਿਨ੍ਹਾਂ ਵੱਲੋਂ ਗੋਤਾਖੋਰਾਂ ਦੀ ਸਹਾਇਤਾ ਨਾਲ ਮੁੰਡੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਖਬਰ ਲਿਖੇ ਜਾਣ ਤੱਕ ਐਸ.ਐਚ.ਓ. ਦੋਰਾਹਾ ਅਸ਼ਵਨੀ ਕੁਮਾਰ ਨਾਲ ਫੋਨ 'ਤੇ ਕੀਤੀ ਗੱਲਬਾਤ ਦੌਰਾਨ ਪੁਲਸ ਵੱਲੋਂ ਲੜਕੀ ਦੇ ਬਿਆਨ ਦਰਜ ਨਹੀਂ ਕੀਤੇ ਗਏ ਸਨ।