ਟ੍ਰਾਈਸਿਟੀ ''ਚ ਵਧਿਆ ''ਖੁਦਕੁਸ਼ੀਆਂ'' ਦਾ ਗ੍ਰਾਫ, ਪੁਰਸ਼ ਸਭ ਤੋਂ ਅੱਗੇ

09/25/2018 9:29:03 AM

ਚੰਡੀਗੜ੍ਹ (ਪਾਲ) : ਸਾਲ 2003 'ਚ 130 ਲੋਕਾਂ ਨੇ ਸ਼ਹਿਰ 'ਚ ਖੁਦਕੁਸ਼ੀ ਕੀਤੀ ਸੀ। ਅਚਾਨਕ ਵਧੇ ਇਨ੍ਹਾਂ ਮਾਮਲਿਆਂ ਪਿੱਛੇ ਲੋਕਾਂ ਦੀ ਕੀ ਮਾਨਸਿਕਤਾ ਹੈ ਅਤੇ ਖੁਦਕੁਸ਼ੀ ਕਰਨ ਦੇ ਕੀ ਤਰੀਕੇ ਹਨ, ਇਸ ਬਾਰੇ ਜਾਣਕਾਰੀ ਲੈਣ ਲਈ ਜੀ. ਐੱਮ. ਸੀ. ਐੱਚ.-32 ਦੇ ਸਾਈਕੈਟ੍ਰਿਕ ਵਿਭਾਗ ਨੂੰ ਨੋਡਲ ਸੈਂਟਰ ਨਿਯੁਕਤ ਕੀਤਾ ਗਿਆ ਸੀ। ਵਿਭਾਗ ਪਿਛਲੇ 15 ਸਾਲਾਂ ਤੋਂ ਸ਼ਹਿਰ 'ਚ ਸੁਸਾਈਡ ਪ੍ਰੀਵੈਂਸ਼ਨ ਨੂੰ ਲੈ ਕੇ ਕੰਮ ਕਰ ਰਿਹਾ ਹੈ। ਵਿਭਾਗ ਦੇ ਤਾਜ਼ਾ ਆਂਕੜਿਆਂ 'ਤੇ ਗੌਰ ਕਰੀਏ ਤਾਂ ਪਿਛਲੇ 14 ਸਾਲਾਂ 'ਚ ਸ਼ਹਿਰ 'ਚ ਖੁਦਕੁਸ਼ੀਆਂ ਦੇ ਮਾਮਲੇ ਦੁੱਗਣੇ ਹੋ ਗਏ ਹਨ। 

ਹੁਣ ਦੇ ਰਿਕਾਰਡ ਮੁਤਾਬਕ ਇੰਨੇ ਸਾਲਾਂ 'ਚ 1050 ਲੋਕਾਂ ਨੇ ਆਪਣੀ ਜਾਨ ਦਿੱਤੀ ਹੈ। ਇਨ੍ਹਾਂ 'ਚੋਂ 60 ਫੀਸਦੀ ਪੁਰਸ਼ ਸਨ। ਜੀ. ਐੱਮ. ਸੀ. ਐੱਚ. ਡਾਇਰੈਕਟਰ ਤੇ ਸਾਈਕੈਟ੍ਰਿਕ ਵਿਭਾਗ ਦੇ ਹੈੱਡ ਪ੍ਰੋ. ਬੀ. ਐੱਸ. ਚਵਨ ਦੀ ਮੰਨੀਏ ਤਾਂ ਸਭ ਤੋਂ ਚਿੰਤਾ ਦੀ ਗੱਲ ਹੈ ਕਿ ਹੁਣ ਸੁਸਾਈਡ ਕਰਨ ਵਾਲਿਆਂ 'ਚ ਘੱਟ ਉਮਰ ਦੇ ਲੋਕ ਵੀ ਜ਼ਿਆਦਾ ਸ਼ਾਮਲ ਹੋ ਗਏ ਹਨ। ਆਂਕੜਿਆਂ ਮੁਤਾਬਕ 58 ਫੀਸਦੀ ਲੋਕ 17 ਤੋਂ 30 ਸਾਲ ਦੀ ਉਮਰ ਦੇ ਸਨ, ਜਿਨ੍ਹਾਂ ਨੇ ਖੁਦਕੁਸ਼ੀਆਂ ਕੀਤੀਆਂ। ਔਰਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਉਮਰ ਵੀ ਘਟੀ ਹੈ। 49 ਫੀਸਦੀ ਖੁਦਕੁਸ਼ੀਆਂ ਕਰਨ ਵਾਲੀਆਂ ਔਰਤਾਂ ਦੀ ਉਮਰ 17 ਤੋਂ 25 ਸਾਲਾਂ ਦੀ ਸੀ। 
ਖੁਦਕੁਸ਼ੀਆਂ ਕਰਨ ਦੇ ਤਰੀਕੇ 
68 ਫੀਸਦੀ ਲੋਕਾਂ ਨੇ ਫਾਹਾ ਲੈ ਕੇ ਜਾਨ ਦਿੱਤੀ ਹੈ। 13 ਫੀਸਦੀ ਲੋਕਾਂ ਨੇ ਜ਼ਹਿਰ ਖਾਧੀ। ਪੁਰਸ਼ਾਂ ਨੇ ਖੁਦਕੁਸ਼ੀ ਦਾ ਤਰੀਕਾ ਪਹਿਲਾਂ ਤੋਂ ਹਿੰਸਕ ਹੋ ਗਿਆ ਹੈ, ਜਿਨ੍ਹਾਂ 'ਚ ਉਨ੍ਹਾਂ ਨੇ ਕਿਸੇ ਉੱਚੀ ਥਾਂ ਤੋਂ ਛਾਲ ਮਾਰ ਕੇ, ਗੋਲੀ ਮਾਰ ਕੇ ਚਾਕੂ ਦਾ ਇਸਤੇਮਾਲ ਕਰਕੇ ਆਪਣੀ ਜਾਨ ਦਿੱਤੀ ਹੈ। ਪਿਛਲੇ 8 ਸਾਲਾਂ 'ਚ 21 ਪੁਰਸ਼ਾਂ ਨੇ ਖੁਦ ਨੂੰ ਗੋਲੀ ਮਾਰੀ ਹੈ। 21 ਲੋਕਾਂ ਨੇ ਡੁੱਬ ਕੇ ਆਪਣੀ ਜਾਨ ਦਿੱਤੀ ਹੈ, ਜਿਨ੍ਹਾਂ 'ਚ 13 ਪੁਰਸ਼ ਤੇ 8 ਔਰਤਾਂ ਸ਼ਾਮਲ ਹਨ। ਮੈਂਟਲ ਹੈਲਥ ਮਾਹਰਾਂ ਮੁਤਾਬਕ ਜਿੰਨੀਆਂ ਵੀ ਖੁਦਕੁਸ਼ੀਆਂ ਜੀ. ਐੱਮ. ਸੀ. ਐੱਚ. 'ਚ ਰਜਿਸਟਰ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਪਰਿਵਾਰ ਦੀ ਹਿਸਟਰੀ ਤੋਂ ਪਤਾ ਲੱਗਦਾ ਹੈ ਕਿ ਮਰਨ ਵਾਲਿਆਂ ਨੇ ਤਣਾਅ, ਡਿਪਰੈਸ਼ਨ, ਪੇਪਰਾਂ 'ਚ ਫੇਲ, ਲਵ ਅਫੇਅਰ ਅਤੇ ਪਰਿਵਾਰਕ ਝਗੜਿਆਂ ਕਾਰਨ ਇਹ ਕਦਮ ਚੁੱਕਿਆ ਹੈ।