ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖੁਦਕੁਸ਼ੀ

04/20/2018 4:12:56 AM

ਬਠਿੰਡਾ(ਵਰਮਾ)-ਵਿਦੇਸ਼ 'ਚ ਚੱਕਰ ਲਾਉਣ ਦੇ ਬਾਵਜੂਦ ਕਰਜ਼ 'ਚ ਡੁੱਬੇ ਨੌਜਵਾਨ ਨੇ ਬੁੱਧਵਾਰ ਅੱਧੀ ਰਾਤ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਵੇਰੇ ਜਦੋਂ ਘਰ ਦੇ ਮੈਂਬਰ ਜਾਗੇ ਤਾਂ ਉਨ੍ਹਾਂ ਨੇ ਰਜਿੰਦਰ ਨੂੰ ਪੱਖੇ ਨਾਲ ਲਟਕਿਆ ਦੇਖਿਆ ਤੇ ਘਰ ਵਿਚ ਚੀਕ-ਚਿਹਾੜਾ ਪੈ ਗਿਆ। ਜਾਣਕਾਰੀ ਅਨੁਸਾਰ 23 ਸਾਲਾ ਰਾਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਜੋ ਪੇਸ਼ੇ ਤੋਂ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ, ਇਕ ਸਾਲ ਪਹਿਲਾਂ ਕਰਜ਼ਾ ਲੈ ਕੇ ਦੁਬਈ ਗਿਆ ਪਰ ਉਥੇ ਕੁਝ ਸਮਾਂ ਰਹਿਣ ਦੇ ਬਾਵਜੂਦ ਉਹ ਸੈਟਲ ਨਹੀਂ ਹੋ ਸਕਿਆ ਅਤੇ ਵਾਪਸ ਆ ਗਿਆ, ਜਦੋਂ ਉਹ ਵਿਦੇਸ਼ ਤੋਂ ਵਾਪਸ ਆਇਆ ਤਾਂ ਉਦੋਂ ਤੋਂ ਹੀ ਉਹ ਪ੍ਰੇਸ਼ਾਨ ਰਹਿਣ ਲੱਗਾ ਕਿਉਂਕਿ ਦੁਬਈ ਜਾਣ 'ਤੇ ਹੋਏ ਖਰਚੇ ਨੂੰ ਉਹ ਵਾਪਸ ਨਹੀਂ ਕਰ ਸਕਿਆ ਸੀ। ਮ੍ਰਿਤਕ ਦੀ ਇਕ ਭੈਣ ਤੇ ਭਰਾ ਉਸ ਤੋਂ ਵੱਡੇ ਹਨ ਜੋ ਵਿਆਹੇ ਹਨ ਪਰ ਉਹ ਅਜੇ ਕੁਆਰਾ ਸੀ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਸਨੇ ਪਰਿਵਾਰ ਨਾਲ ਰੋਟੀ ਖਾਂਧੀ ਅਤੇ ਸੌਣ ਲਈ ਕਮਰੇ ਵਿਚ ਚਲਾ ਗਿਆ। ਅੱਧੀ ਰਾਤ ਵੇਲੇ ਉਸਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਉਸਨੇ ਤੁਰੰਤ ਇਸਦੀ ਸੂਚਨਾ ਸਬੰਧਤ ਥਾਣਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੱਖੇ ਤੋਂ ਲਾਹਿਆ ਅਤੇ ਉਸਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਭੇਜ ਦਿਤਾ। ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ 174 ਦੀ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।