ਲੁਧਿਆਣਾ : ਵਿਦਿਆਰਥਣ ਨੇ ਫਾਹਾ ਲੈ ਕੈ ਕੀਤੀ ਖੁਦਕੁਸ਼ੀ

03/25/2018 5:23:00 AM

ਲੁਧਿਆਣਾ(ਮਹੇਸ਼)-ਹੈਬੋਵਾਲ ਇਲਾਕੇ ਵਿਚ 14 ਸਾਲਾ ਇਕ ਵਿਦਿਆਰਥਣ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਤਮੰਨਾ ਗੁਪਤਾ 9ਵੀਂ ਕਲਾਸ ਦੀ ਵਿਦਿਆਰਥਣ ਸੀ, ਜਿਸ ਦੀ ਲਾਸ਼ ਸ਼ੁੱਕਰਵਾਰ ਨੂੰ ਉਸ ਦੇ ਘਰ ਵਿਚ ਲਟਕਦੀ ਹੋਈ ਮਿਲੀ। ਤਮੰਨਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪ੍ਰੀਖਿਆਵਾਂ ਦੇ ਨਤੀਜੇ ਡਰੋਂ ਉਸ ਨੇ ਇਹ ਕਦਮ ਚੁੱਕਿਆ ਹੈ। ਉਸ ਦੀਆਂ ਪ੍ਰੀਖਿਆਵਾਂ ਠੀਕ ਨਹੀਂ ਹੋਈਆਂ ਸਨ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਸ਼ਨੀਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤੀ ਹੈ। ਤਮੰਨਾ ਆਪਣੇ ਪਰਿਵਾਰ ਸਮੇਤ ਬਲੌਕੀ ਇਲਾਕੇ ਵਿਚ ਰਹਿੰਦੀ ਸੀ। ਉਸ ਦੇ ਪਿਤਾ ਲਾਲ ਚੰਦ ਗੁਪਤਾ ਇਕ ਫੈਕਟਰੀ ਵਿਚ ਕੰਮ ਕਰਦੇ ਹਨ। ਤਮੰਨਾ ਦਾ ਭਰਾ ਉਸੇ ਸਕੂਲ ਵਿਚ ਪੜ੍ਹਦਾ ਹੈ, ਜਿਸ ਵਿਚ ਉਹ 9ਵੀਂ ਕਲਾਸ ਦੀ ਵਿਦਿਆਰਥਣ ਸੀ। ਉਸ ਨੇ ਕੁਝ ਸਮਾਂ ਪਹਿਲਾਂ ਪ੍ਰੀਖਿਆ ਦਿੱਤੀ ਸੀ, ਜਿਸ ਦਾ ਨਤੀਜਾ ਸ਼ਨੀਵਾਰ ਨੂੰ ਆਉਣਾ ਸੀ। ਸ਼ੁੱਕਰਵਾਰ ਸ਼ਾਮ ਨੂੰ ਜਦੋਂ ਉਹ ਘਰ ਵਿਚ ਇਕੱਲੀ ਸੀ ਤਾਂ ਉਸ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਜਦੋਂ ਉਸ ਦੇ ਮਾਤਾ-ਪਿਤਾ ਵਾਪਸ ਆਏ ਤਾਂ ਉਕਤ ਘਟਨਾ ਦਾ ਪਤਾ ਲੱਗਾ। ਤਮੰਨਾ ਦੀ ਲਾਸ਼ ਚੁੰਨੀ ਦੇ ਸਹਾਰੇ ਲਟਕ ਰਹੀ ਸੀ। ਤਮੰਨਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਨੇ ਬਿਆਨ ਵਿਚ ਕਿਹਾ ਕਿ ਤਮੰਨਾ ਦੀਆਂ ਪ੍ਰੀਖਿਆਵਾਂ ਠੀਕ ਨਹੀਂ ਹੋਈਆਂ ਸਨ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿਚ ਸੀ। ਪੁਲਸ ਦਾ ਕਹਿਣਾ ਹੈ ਕਿ ਜੇਕਰ ਭਵਿੱਖ ਵਿਚ ਇਸ ਕੇਸ ਵਿਚ ਕੋਈ ਹੋਰ ਤੱਥ ਸਾਹਮਣੇ ਆਉਣਗੇ ਤਾਂ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


Related News