ਨੌਜਵਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ

10/29/2017 4:26:14 AM

ਲਾਂਬੜਾ(ਵਰਿੰਦਰ)— ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਧਾਲੀਵਾਲ ਕਾਦੀਆਂ ਦੇ ਨੇੜੇ ਗਾਖਲਾਂ ਫਲੈਟਸ ਵਿਖੇ ਇਕ ਨੌਜਵਾਨ ਵੱਲੋਂ ਆਪਣੇ ਘਰ ਵਿਚ ਕਿਸੇ ਪ੍ਰੇਸ਼ਾਨੀ  ਕਾਰਨ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦੇਣ ਦੀ ਸੂਚਨਾ ਹੈ। ਜਿਸ ਸਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਜਾਣਕਾਰੀ ਅਨੁਸਾਰ ਕੇਤਨ ਸ਼ਰਮਾ (32) ਪੁੱਤਰ ਸੁਭਾਸ਼ ਕੁਮਾਰ ਦੀ ਲਾਸ਼ ਬੀਤੀ ਦੇਰ ਰਾਤ ਪੱਖੇ ਨਾਲ ਲਟਕਦੀ ਹੋਈ ਪੁਲਸ ਵੱਲੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਜਲੰਧਰ ਦੇ ਇਕ ਨਿੱਜੀ ਡਾਕਟਰ ਦਾ ਡਰਾਈਵਰ ਸੀ, ਜੋ ਪਿਛਲੇ 3-4 ਦਿਨਾਂ ਤੋਂ ਕੰਮ 'ਤੇ ਨਹੀਂ ਜਾ ਰਿਹਾ ਸੀ। ਡਾਕਟਰ ਵੱਲੋਂ ਕਲ ਇਸ ਦੀ ਸੂਚਨਾ ਕੇਤਨ ਦੀ ਮਾਂ ਨੂੰ ਦਿੱਤੀ ਗਈ। ਰਾਤ ਉਸ ਦੀ ਮਾਂ ਕੇਤਨ ਨੂੰ ਦੇਖਣ ਲਈ ਉਸ ਦੇ ਘਰ ਆਈ ਤਾਂ ਅੰਦਰੋਂ ਦਰਵਾਜ਼ੇ ਬੰਦ ਸਨ। ਹੋਰਾਂ ਦੀ ਸਹਾਇਤਾ ਨਾਲ ਦਰਵਾਜ਼ਾ ਖੁਲ੍ਹਵਾਇਆ ਗਿਆ ਤਾਂ ਕੇਤਨ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ। ਜਾਣਕਾਰੀ ਅਨੁਸਾਰ ਕੇਤਨ ਦਾ ਕਰੀਬ ਤਿੰਨ ਸਾਲ ਪਹਿਲਾਂ ਰਾਧਾ ਵਾਸੀ ਜਲੰਧਰ ਨਾਲ ਵਿਆਹ ਹੋਇਆ ਸੀ। ਇਨ੍ਹਾਂ ਦੇ ਇਕ ਡੇਢ ਸਾਲ ਦੀ ਬੇਟੀ ਹੈ। ਪਿਛਲੇ 3-4 ਦਿਨਾਂ ਤੋਂ ਰਾਧਾ ਵੀ ਘਰ ਨਹੀਂ ਸੀ। ਉਹ ਬੇਟੀ ਨਾਲ ਆਪਣੇ ਪੇਕੇ ਘਰ ਬੀਮਾਰੀ ਦੀ ਹਾਲਤ ਵਿਚ ਗਈ ਹੋਈ ਸੀ। ਖੁਦਕੁਸ਼ੀ ਕਰਨ ਸਮੇਂ ਕੇਤਨ ਘਰ ਵਿਚ ਇਕੱਲਾ ਹੀ ਸੀ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਖੁਦਕੁਸ਼ੀ ਦੇ ਕਿਸੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ।