ਸੁਸਾਈਡ ਨੋਟ ''ਚ ਲਿਖਿਆ- ਸਾਈਂ ਜੀ !  ਮੈਂ ਤੁਹਾਡੇ ਕੋਲ ਆ ਰਿਹਾਂ

03/26/2019 4:38:21 PM

ਜਲੰਧਰ (ਮ੍ਰਿਦੁਲ) : ਅੰਬੇਡਕਰ ਨਗਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮਕਾਨ ਨੰਬਰ 165 'ਚ ਇਕ 24 ਸਾਲਾ ਨੌਜਵਾਨ ਨੇ ਫਾਹ ਲੈ ਕੇ ਜਾਨ ਦੇ ਦਿੱਤੀ। ਇਸ ਦਾ ਕਾਰਨ ਲੜਕੀ ਵਲੋਂ ਰਿਲੇਸ਼ਨਸ਼ਿਪ ਤੋੜਨਾ ਦੱਸਿਆ ਜਾ ਰਿਹਾ ਹੈ। ਖੁਦਕੁਸ਼ੀ ਕਰਨ ਵਾਲੇ ਨੌਜਵਾਨ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਉਸ ਨੇ ਲਿਖਿਆ,''ਸਾਈਂ ਜੀ! ਮੇਰੇ ਕੋਲੋਂ ਬਹੁਤ ਗਲਤੀਆਂ ਹੋਈਆਂ ਹਨ, ਮੇਰੇ ਮੰਮੀ-ਪਾਪਾ ਵੀ ਚਲੇ ਗਏ, ਹੁਣ ਮੈਂ ਵੀ ਤੁਹਾਡੇ ਕੋਲ ਆ ਰਿਹਾਂ।'' ਹਾਲਾਂਕਿ ਸੁਸਾਈਡ ਨੋਟ 'ਚ ਨੌਜਵਾਨ ਨੇ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ।ਮ੍ਰਿਤਕ ਦੀ ਪਛਾਣ ਅਭਿਸ਼ੇਕ ਸੱਲ੍ਹਣ ਉਰਫ ਮੋਨੂੰ ਪੁੱਤਰ ਜਗਦੀਸ਼ ਸੱਲ੍ਹਣ ਵਜੋਂ ਹੋਈ ਹੈ। 

ਵੱਡੀ ਭੈਣ ਚਲਾਉਂਦੀ ਹੈ ਬੂਟੀਕ
ਵੱਡੀ ਭੈਣ ਨੈਂਸੀ ਜੋ ਕਿ ਮਾਡਲ ਟਾਊਨ ਅਰਬਨ ਅਸਟੇਟ ਰੋਡ 'ਤੇ ਬੂਟੀਕ ਚਲਾਉਂਦੀ ਹੈ, ਨੇ ਦੱਸਿਆ ਕਿ ਛੋਟਾ ਭਰਾ ਅਭਿਸ਼ੇਕ ਸਾਲ 2013 'ਚ 12ਵੀਂ ਕਰਨ ਤੋਂ ਬਾਅਦ ਪਿਛਲੇ ਸਾਲ 2018 'ਚ ਆਸਟਰੇਲੀਆ ਸਟੱਡੀ ਬੇਸ 'ਤੇ ਪੜ੍ਹਨ ਲਈ ਗਿਆ ਸੀ, ਉਥੇ ਜਾ ਕੇ ਉਹ ਪੜ੍ਹਾਈ ਦੇ ਨਾਲ ਕੰਮ ਕਰਦੇ ਹੋਏ ਪ੍ਰੇਸ਼ਾਨ ਰਹਿਣ ਲੱਗਾ ਸੀ। ਉਸ ਦਾ ਕਿਸੇ ਰਾਜਨਪ੍ਰੀਤ ਉਰਫ ਪ੍ਰੀਤ ਨਾਲ ਕਾਫੀ ਸਾਲਾਂ ਤੋਂ ਲਵ ਅਫੇਅਰ ਚੱਲ ਰਿਹਾ ਸੀ। ਆਸਟਰੇਲੀਆ ਜਾ ਕੇ ਭਰਾ ਪੜ੍ਹਾਈ ਕਰਨ ਲੱਗਾ ਪਰ ਉਸ ਦਾ ਮਨ ਨਹੀਂ ਲੱਗ ਰਿਹਾ ਸੀ, ਜਿਸ ਕਾਰਨ ਉਹ 20 ਮਾਰਚ ਨੂੰ ਵਾਪਸ ਆ ਗਿਆ। ਉਹ ਅੰਬੇਡਕਰ ਨਗਰ ਸਥਿਤ ਪੁਸ਼ਤੈਨੀ ਘਰ 'ਚ ਇਕੱਲਾ ਰਹਿ ਰਿਹਾ ਸੀ। ਬੀਤੀ ਦਿਨ ਉਹ ਆਪਣੇ ਭਰਾ ਨੂੰ ਨਿਊ ਰਸੀਲਾ ਨਗਰ ਸਥਿਤ ਘਰ 'ਚ ਲਿਜਾਣ ਲਈ ਆਈ ਪਰ ਜਦੋਂ ਉਹ ਆਪਣੇ ਘਰ ਆਈ ਤਾਂ ਦੇਖਿਆ ਕਿ ਅਭਿਸ਼ੇਕ ਉਰਫ ਮੋਨੂੰ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਹੈ। ਜਦੋਂ ਅੰਦਰੋਂ ਕੋਈ ਆਵਾਜ਼ ਨਹੀਂ ਆਈ ਤਾਂ ਉਸ ਨੇ ਗੁਆਂਢ 'ਚ ਰਹਿੰਦੇ ਚਾਚਾ ਸਵੀਟਾ ਨੂੰ ਫੋਨ ਕੀਤਾ, ਜਿਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਕੁੰਡਾ ਖੋਲ੍ਹਿਆ ਤਾਂ ਦੇਖਿਆ ਕਿ ਮੋਨੂੰ ਨੇ ਚੁੰਨੀ ਨਾਲ ਪੱਖੇ ਦੇ ਨਾਲ ਫਾਹ ਲੈ ਲਿਆ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਹੈ।

ਪਹਿਲਾਂ ਹੋਈ ਮਾਂ ਦੀ ਮੌਤ, ਗਮ 'ਚ ਇਕ ਮਹੀਨੇ ਬਾਅਦ ਹੀ ਪਿਤਾ ਚੱਲ ਵਸੇ
ਨੈਂਸੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਨ੍ਹਾਂ ਦੀ ਮਾਂ ਦੀ ਸਾਲ 2017 ਨੂੰ ਜੂਨ ਮਹੀਨੇ 'ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਿਤਾ ਤੇ ਛੋਟਾ ਭਰਾ ਪ੍ਰੇਸ਼ਾਨ ਰਹਿਣ ਲੱਗੇ। ਮਾਂ ਦੀ ਮੌਤ ਦੇ ਗਮ 'ਚ ਇਕ ਮਹੀਨੇ ਬਾਅਦ ਹੀ ਪਿਤਾ ਵੀ ਚਲ ਵਸੇ, ਜਿਸ ਤੋਂ ਬਾਅਦ ਮੋਨੂੰ ਇਕੱਲਾ ਰਹਿ ਗਿਆ ਸੀ, ਜਿਸ ਕਾਰਨ ਉਸ ਦਾ ਫਿਊਚਰ ਠੀਕ ਕਰਨ ਲਈ ਤੇ ਕਰੀਅਰ ਬਣਾਉਣ ਲਈ ਸਟੱਡੀ ਵੀਜ਼ਾ 'ਤੇ ਉਸ ਨੂੰ ਆਸਟਰੇਲੀਆ ਦੇ ਸਿਡਨੀ ਸ਼ਹਿਰ 'ਚ ਪੜ੍ਹਾਈ ਕਰਨ ਲਈ ਭੇਜ ਦਿੱਤਾ ਪਰ ਕਾਫੀ ਸਾਲਾਂ ਪੁਰਾਣਾ ਅਫੇਅਰ ਹੋਣ ਕਾਰਨ ਮੋਨੂੰ ਪ੍ਰੀਤ ਨਾਲ ਵਿਆਹ ਕਰਨ ਲਈ ਵਾਪਸ ਆ ਗਿਆ ਪਰ ਪ੍ਰੀਤ ਵਲੋਂ ਮਨ੍ਹਾ ਕਰਨ 'ਤੇ ਉਹ ਡਿਪ੍ਰੈਸ਼ਨ 'ਚ ਚਲਾ ਗਿਆ, ਜਿਸ ਕਾਰਨ ਉਸ ਨੇ ਇਹ ਕਦਮ ਉਠਾ ਲਿਆ।

Anuradha

This news is Content Editor Anuradha