ਸੁਧੀਰ ਸੂਰੀ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ

11/06/2022 8:38:08 AM

ਅੰਮ੍ਰਿਤਸਰ (ਬਿਊਰੋ)- ਸੀਨੀਅਰ ਹਿੰਦੂ ਆਗੂ ਅਤੇ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਦਾ ਅੱਜ ਯਾਨੀ ਕਿ ਐਤਵਾਰ ਨੂੰ ਦੁਪਹਿਰ 12 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ’ਤੇ 5 ਗੋਲੀਆਂ ਚਲਾਈਆਂ ਗਈਆਂ ਸਨ। ਹਿੰਦੂ ਆਗੂ ਸੂਰੀ ਦੀ ਮੌਤ ਮਗਰੋਂ ਪੂਰੇ ਸ਼ਹਿਰ ’ਚ ਸਨਸਨੀ ਫੈਲ ਗਈ। ਸੁਧੀਰ ਸੂਰੀ ਦੇ ਕਤਲ ਮਗਰੋਂ ਪਰਿਵਾਰ ਨੇ ਪ੍ਰਸ਼ਾਸਨ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਹਨ। ਪਰਿਵਾਰ ਮੁਤਾਬਕ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੀ ਪ੍ਰਸ਼ਾਸਨ ਜ਼ਿੰਮੇਵਾਰੀ ਲਵੇ। ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਸੁਧੀਰ ਸੂਰੀ ਦੇ ਪੁੱਤਰ ਦਾ ਵੱਡਾ ਐਲਾਨ : ਸ਼ਹੀਦ ਦਾ ਦਰਜਾ ਮਿਲਣ ਤੋਂ ਬਾਅਦ ਹੀ ਹੋਵੇਗਾ ਅੰਤਿਮ ਸੰਸਕਾਰ

ਇਹ ਹੈ ਮਾਮਲਾ 

ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਮੁਖੀ ਸੁਧੀਰ ਸੂਰੀ ਗੋਪਾਲ ਮੰਦਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਵਿਰੁੱਧ ਧਰਨੇ 'ਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ 'ਤੇ ਸ਼ਰੇਆਮ ਗੋਲ਼ੀਆਂ ਚਲਾਈਆਂ ਗਈਆਂ। ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੂੰ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਸੂਰੀ ਨੂੰ ਗੋਲ਼ੀਆਂ ਮਾਰਨ ਵਾਲੇ ਸੰਦੀਪ ਸੰਨੀ ਨੂੰ ਪੁਲਸ ਵੱਲੋਂ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਘਟਨਾ ਤੋਂ ਬਾਅਦ ਪਰਿਵਾਰ ਨੇ ਮੰਗਾਂ ਮੰਨੇ ਜਾਣ ਤਕ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸ਼ਨੀਵਾਰ ਦੇਰ ਸ਼ਾਮ ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣ ਤੇ ਸਸਕਾਰ ਕਰਨ 'ਤੇ ਸਹਿਮਤੀ ਬਣ ਗਈ। ਪਰਿਵਾਰ ਵੱਲੋਂ ਸੂਰਜ ਡੁੱਬਣ ਕਾਰਨ ਅੱਜ ਸੁਧੀਰ ਸੂਰੀ ਦਾ ਸਸਕਾਰ ਨਹੀਂ ਕੀਤਾ ਗਿਆ ਤੇ ਭਲਕੇ 12 ਵਜੇ ਦਾ ਸਮਾਂ ਮਿਥਿਆ ਗਿਆ ਹੈ।

ਇਹ ਵੀ ਪੜ੍ਹੋ-  ਸੁਧੀਰ ਸੂਰੀ ਕਤਲ ਕਾਂਡ ਦੇ ਮੁਲਜ਼ਮ ਸੰਨੀ ਨੂੰ ਪੁਲਸ ਨੇ ਅਦਾਲਤ ’ਚ ਕੀਤਾ ਪੇਸ਼, ਮਿਲਿਆ 7 ਦਿਨ ਦਾ ਰਿਮਾਂਡ

ਗੈਂਗਸਟਰ ਲੰਡਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਜਿੱਥੇ ਪੁਲਸ ਨੇ ਮੁਲਜ਼ਮ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਉੱਥੇ ਹੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਵੱਲੋਂ ਲਈ ਗਈ ਹੈ। ਲਖਬੀਰ ਸਿੰਘ ਲੰਡਾ ਕੈਨੇਡਾ ਵਿਖੇ ਮੌਜੂਦ ਹੈ ਅਤੇ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਉਂਦੇ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਸੁਧੀਰ ਸੂਰੀ ਦਾ ਕਤਲ ਸਾਡੇ ਭਰਾਵਾਂ ਨੇ ਕੀਤਾ ਹੈ। ਉਸ ਨੇ ਕਿਸੇ ਵੀ ਧਰਮ ਦੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਹਸ਼ਰ ਵੀ ਅਜਿਹਾ ਹੀ ਹੋਵੇਗਾ। ਲਖਬੀਰ ਲੰਡਾ ਨੇ ਲਿਖਿਆ ਕਿ ਸਕਿਓਰਿਟੀ ਲੈਣ ਵਾਲੇ ਇਹ ਨਾ ਸਮਝਣ ਕਿ ਉਹ ਬਚ ਜਾਣਗੇ। ਇਹ ਤਾਂ ਅਜੇ ਸ਼ੁਰੂਆਤ ਹੈ। 

ਇਹ ਵੀ ਪੜ੍ਹੋ- ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ


Tanu

Content Editor

Related News