ਪਾਵਰਕਾਮ ਦੇ ਸਟੋਰ ''ਚ ਪਏ ਸਾਮਾਨ ਦੀ ਅਚਾਨਕ ਹੋਈ ਚੈਕਿੰਗ

10/08/2017 5:31:32 AM

ਕਪੂਰਥਲਾ, (ਮੱਲ੍ਹੀ)- ਸਬ ਸਟੋਰ (ਪਾਵਰਕਾਮ) ਕਪੂਰਥਲਾ 'ਚ ਪਏ ਸਾਮਾਨ ਦੀ ਅੱਜ ਮੁੱਖ ਇੰਜੀਨੀਅਰ ਸਟੋਰ ਐਂਡ ਵਰਕਸ਼ਾਪ ਪਾਵਰਕਾਮ ਲੁਧਿਆਣਾ ਇੰਜੀ. ਜਗਜੀਤ ਸਿੰਘ ਵਲੋਂ ਅਚਾਨਕ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਕੰਮਾਂ ਦਾ ਨਿਰੀਖਣ ਕੀਤਾ ਗਿਆ, ਜਿਨ੍ਹਾਂ ਸਟੋਰ 'ਚ ਪਏ ਸਾਮਾਨ ਦੀ ਸਾਂਭ-ਸੰਭਾਲ, ਸਫਾਈ ਤੇ ਦਫਤਰੀ ਕੰਮ-ਕਾਰ 'ਤੇ ਤਸੱਲੀ ਪ੍ਰਗਟਾਈ। ਮਹਿਕਮੇ ਵਲੋਂ ਵਿਸ਼ੇਸ਼ ਤੌਰ 'ਤੇ ਚਲਾਈ ਗਈ ਮੁਹਿੰਮ ਤਹਿਤ ਵੱਖ-ਵੱਖ ਉਪ ਮੰਡਲਾਂ ਵਲੋਂ ਉਖੇੜੇ ਜਾਣ ਵਾਲੇ ਸਾਮਾਨ ਨੂੰ ਮਹਿਕਮੇ ਵਲੋਂ ਨਿਰਧਾਰਿਤ ਟੀਚੇ ਅਨੁਸਾਰ ਵਾਪਸ ਕੀਤੇ ਜਾਣ 'ਤੇ ਵੀ ਉਨ੍ਹਾਂ ਤਸੱਲੀ ਪ੍ਰਗਟਾਈ।
ਇੰਜੀ. ਜਗਜੀਤ ਸਿੰਘ ਨੇ ਸਟੋਰ 'ਚ ਕੰਮ ਕਰਦੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰਨ ਤੇ ਵੱਖ-ਵੱਖ ਉਪ ਮੰਡਲਾਂ 'ਚ ਆਉਂਦੇ ਕਰਮਚਾਰੀਆਂ ਨਾਲ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਲੋੜੀਂਦੇ ਸਾਮਾਨ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਇੰਜੀ. ਪਵਨ ਕੁਮਾਰ ਬੀਸਲਾ ਵਧੀਕ ਨਿਗਰਾਨ ਇੰਜ. ਸੈਂਟਰਲ ਸਟੋਰ ਜਲੰਧਰ, ਕ੍ਰਿਸ਼ਨ ਲਾਲ ਬੈਂਸ ਵਧੀਕ ਸਹਾਇਕ ਇੰਜੀਨੀਅਰ ਤੋਂ ਇਲਾਵਾ ਸਟੋਰ ਕੀਪਰ ਪਵਨ ਕੁਮਾਰ ਆਦਿ ਨੇ ਸਟੋਰ 'ਚ ਬਕਾਇਆ ਪਏ ਸਕਰੈਪ ਦਾ ਤੁਰੰਤ ਨਿਪਟਾਰਾ ਕਰਨ ਦੀ ਵੀ ਹਦਾਇਤ ਕੀਤੀ।