ਭਾਰੀ ਸੁਰੱਖਿਆ ਹੇਠ ਸੁੱਚਾ ਸਿੰਘ ਲੰਗਾਹ ਪੁਲਸ ਵਲੋਂ ਗੁਰਦਾਸਪੁਰ ਅਦਾਲਤ ''ਚ ਪੇਸ਼

02/14/2018 7:01:54 PM

ਗੁਰਦਾਸਪੁਰ (ਦੀਪਕ, ਵਿਨੋਦ) : ਬਲਾਤਕਾਰ ਦੇ ਕੇਸ ਵਿਚ ਪਟਿਆਲਾ ਜੇਲ 'ਚ ਬੰਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਬੁੱਧਵਾਰ ਨੂੰ ਗੁਰਦਾਸਪੁਰ ਵਿਚ ਐਡੀਸ਼ਨਲ ਸੈਸ਼ਲ ਜੱਜ ਦੀ ਅਦਾਲਤ ਵਿਚ ਪੇਸ਼ ਹੋਏ।
ਦੱਸ ਦਈਏ ਕਿ ਸੁੱਚਾ ਸਿੰਘ ਲੰਗਾਹ ਨੂੰ ਬੀਤੀ 8 ਫਰਵਰੀ ਨੂੰ ਮਾਨਯੋਗ ਐਡੀਸ਼ਨਲ ਸੈਸ਼ਲ ਜੱਜ ਦੀ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਸਨ, ਜਿਸ 'ਤੇ ਅਦਾਲਤ ਨੇ ਲੰਗਾਹ ਨੂੰ 14 ਫਰਵਰੀ ਨੂੰ ਖੁਦ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਅੱਜ 14 ਫਰਵਰੀ ਨੂੰ ਭਾਰੀ ਪੁਲਸ ਸੁਰੱਖਿਆ ਹੇਠ ਪਟਿਆਲਾ ਜੇਲ ਤੋਂ ਲੰਗਾਹ ਨੂੰ ਲਿਆ ਕੇ ਗੁਰਦਾਸਪੁਰ ਵਿਚ ਐਡੀਸ਼ਨਲ ਸੈਸ਼ਲ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਸ ਦੌਰਾਨ ਸਰਕਾਰੀ ਵਕੀਲਾਂ ਤੇ ਲੰਗਾਹ ਦੇ ਵਕੀਲਾਂ ਵਿਚਾਲੇ ਕਾਫੀ ਬਹਿਸ ਹੋਈ। ਵਕੀਲਾਂ ਨੇ ਦੱਸਿਆ ਕਿ ਸੁੱਚਾ ਸਿੰਘ ਲੰਗਾਹ ਦੇ ਦਿਲ ਦੇ ਦੋਵੇਂ ਛੇਕ ਬੰਦ ਹਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਠੀਕ ਨਹੀਂ ਰਹਿੰਦੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਇਲਾਜ ਸੰਬੰਧੀ ਜ਼ਮਾਨਤ ਲਈ ਹਾਈਕੋਰਟ 'ਚ ਵੀ ਅਰਜ਼ੀ ਲਗਾਈ ਹੋਈ ਹੈ। ਜਿਸ ਤੋਂ ਬਾਅਦ ਮਾਨਯੋਗ ਜੱਜ ਨੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 28 ਫਰਵਰੀ ਨੂੰ ਦੋਬਾਰਾ ਪੇਸ਼ ਕਰਨ ਦੇ ਹੁਕਮ ਦਿੱਤੇ ਅਤੇ ਲੰਗਾਹ ਦੇ ਕੇਸ ਨੂੰ ਚਾਰਜ ਫਰੇਮ ਕਰਦੇ ਹੋਏ ਰੈਗੂਲਰ ਪੇਸ਼ ਹੋਣ ਦੇ ਹੁਕਮ ਦਿੱਤੇ। ਵਰਣਨਯੋਗ ਹੈ ਕਿ ਇਸ ਦੇ ਨਾਲ ਗਵਾਹੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਸੰਭਾਵਨਾ ਹੈ ਕਿ ਪਹਿਲੀ ਗਵਾਹੀ 'ਚ ਸ਼ਿਕਾਇਤ ਕਰਤਾ ਪੇਸ਼ ਹੋਵੇਗੀ। ਜਿਸ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਭਾਰੀ ਪੁਲਸ ਸੁਰੱਖਿਆ 'ਚ ਪਟਿਆਲਾ ਦੀ ਨਾਭਾ ਜੇਲ ਵਿਚ ਭੇਜ ਦਿੱਤਾ ਗਿਆ।