ਖੇਤੀਬਾੜੀ 'ਚ ਸਫਲਤਾ ਦੀਆਂ ਪੈੜਾਂ

04/27/2019 4:50:21 PM

ਜਲੰਧਰ (ਨਰੇਸ਼ ਗੁਲਾਟੀ) - ਅਜੋਕੀ ਖੇਤੀ 'ਚ ਸਫਲਤਾ ਦੀ ਕਸੌਟੀ ਹੈ “ਘੱਟ ਖੇਤੀ ਖਰਚੇ ਅਤੇ ਕੁਦਰਤੀ ਵਸੀਲੀਆਂ ਦੀ ਰਾਖੀ ਕਰਦੇ ਹੋਏ ਅਪਣੀ ਖੇਤੀ ਤੋਂ ਵਧੇਰੇ ਨਿਰੋਲ ਆਮਦਨ ਹਾਸਿਲ ਕਰਨਾ''।ਸਫਲਤਾ ਦੀ ਇਸ ਕਸੌਟੀ 'ਚ ਮੁੱਖ ਰੂਪ 'ਚ ਸ਼ਾਮਿਲ ਹਨ, ਖੇਤੀ ਦੀ ਰਹਿੰਦ ਖੂਹੰਦ ਪ੍ਰਤੀ ਕਿਸਾਨ ਦੀ ਚੇਤਨੰਤਾ। ਅੱਜ ਇਸ ਲੇਖ ਰਾਂਹੀ ਅਜਿਹੇ ਹੀ ਇਕ ਅਗਾਂਹਵਧੂ ਕਿਸਾਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਨੇ ਖੇਤੀ ਦੀ ਰਹਿੰਦ ਖੂਹੰਦ ਦੀ ਸੰਭਾਲ 'ਚ ਨਵੇਂ ਮਾਪ ਦੰਡ ਸਥਾਪਿਤ ਕੀਤੇ ਹਨ।ਸ. ਜਗਜੀਤ ਸਿੰਘ ਪਿੰਡ ਲੱਲੀਆਂ ਖੁਰਦ ਬਲਾਕ ਜਲੰਧਰ ਪੱਛਮੀ ਦੇ ਵਸਨੀਕ ਇਸ ਕਿਸਾਨ ਨੂੰ ਜਿਲਾ ਪ੍ਰਸ਼ਾਸਾਨ ਵੱਲੋਂ ਝੋਨੇ ਦੇ ਪਰਾਲ ਨੂੰ ਜ਼ਮੀਨ 'ਚ ਵਾਹੁਣ ਉਪਰੰਤ ਆਲੂਆਂ ਦੀ ਕਾਸ਼ਤ ਕਰਨ ਕਰਕੇ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਕਰਕੇ ਗਣਤੰਤਰ ਦਿਵਸ 2019 ਦੇ ਮੌਕੇ 'ਤੇ ਸਨਮਾਨਿਤ ਵੀ ਕੀਤਾ ਗਿਆ।ਕਿਸਾਨ ਵੱਲੋਂ ਪਿੰਡ 'ਚ 'ਜਗਜੀਤ ਐਗਰੀਕਲਚਰ ਵੈਲਫੇਅਰ ਸੋਸਾਇਟੀ' ਰਾਂਹੀ ਨਾ ਸਿਰਫ ਅਪਣੇ ਖੇਤਾਂ 'ਚ ਝੋਨੇ ਦੇ ਪਰਾਲ ਦੀ ਸੰਭਾਲ ਕੀਤੀ ਹੈ, ਬਲਕਿ ਪਿੰਡ ਦੇ ਲਗਭਗ 10 ਕਿਸਾਨਾ ਦੇ 50 ਏਕੜ ਰਕਬੇ 'ਚ ਝੋਨੇ ਦੇ ਪਰਾਲ ਨੂੰ ਜ਼ਮੀਨ 'ਚ ਵਾਹੁੰਦੇ ਹੋਏ ਕਾਮਯਾਬ ਉਪਰਾਲੇ ਕੀਤੇ ਹਨ। ਕਿਸਾਨ ਵੱਲੋਂ 325 ਏਕੜ ਰਕਬੇ 'ਚ ਝੋਨੇ ਦੀ ਪਰਾਲੀ ਸੰਭਾਲਣ ਲਈ ਉਪਰਾਲੇ ਕਰਦੇ ਹੋਏ ਇਲਾਕੇ ਭਰ 'ਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। 

ਝੋਨੇ ਤੋ ਬਾਅਦ ਆਲੂਆ ਦੀ ਕਾਸ਼ਤ ਕਰਨ ਵਾਲੇ ਬੇਸ਼ਤਰ ਕਿਸਾਨ ਜਾਣਦੇ ਹਨ ਕਿ ਪਰਾਲੀ ਦੀ ਸੰਭਾਲ ਕਰਨ ਉਪਰੰਤ ਆਲੂਆਂ ਦੀ ਬਿਜਾਈ ਸਮੇਂ ਸਿਰ ਕਰਨੀ ਬੇਹੱਦ ਮੁਸ਼ਕਿਲ ਹੈ, ਕਿਉਂਕਿ ਝੋਨੇ ਦੀ ਵਾਢੀ ਤੋਂ ਬਾਅਦ ਹੈਪੀ ਸੀਡਰ ਮਸ਼ੀਨ ਰਾਹੀਂ ਕਣਕ ਦੀ ਬਿਜਾਈ ਕਰਨ ਦੀ ਸਿਫਾਰਿਸ਼ ਹੈ ਪਰ ਆਲੂਆਂ ਦੀ ਬਿਜਾਈ ਲਈ ਜ਼ਿਅਦਾਤਰ ਕਿਸਾਨ ਪਰਾਲੀ ਨੂੰ ਅੱਗ ਲਗਾਅ ਕਿ ਪਰਾਲ ਨੂੰ ਸੰਭਾਲਦੇ ਸਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਜਲੰਧਰ ਪੱਛਮੀ ਦੇ ਮਾਹਿਰਾਂ ਪਾਸੋਂ ਜਾਣਕਾਰੀ ਅਤੇ ਮਸ਼ੀਨਾ ਪ੍ਰਾਪਤ ਕਰਦੇ ਹੋਏ ਸ. ਜਗਜੀਤ ਸਿੰਘ ਨੇ ਆਲੂਆਂ ਦੀ ਨਾ ਸਿਰਫ ਸਮੇਂ ਸਿਰ ਬਿਜਾਈ ਹੀ ਕੀਤੀ ਬਲਕਿ ਝੋਨੇ ਦੀ ਪਰਾਲੀ ਨੂੰ ਜਮੀਨ 'ਚ ਮਿਲਾਉਂਦੇ ਹੋਏ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵੀ ਸੁਧਾਰ ਲਿਆਂਦਾ। ਕਿਸਾਨ ਵੱਲੋਂ ਝੋਨੇ ਦੀ ਵਾਢੀ ਲਈ ਸਟਰਾਅ ਮੇਂਜਮੈਂਟ ਸਿਸਟਮ ਨਾਲ ਲੈਸ ਕੰਬਾਈਨ ਚਲਾਉਣ ਤੋਂ ਬਾਅਦ ਮਲਚਰ ਮਸ਼ੀਨ ਚਲਾਈ ਗਈ ਅਤੇ ਫਿਰ ਉਲਟਾਵਾਂ ਹਲ੍ਹ ਚਲਾਅ ਕਿ ਅਤੇ ਰੋਟਾਵੇਟਰ ਰਾਂਹੀ ਉਪਰਾਲੇ ਕਰਦੇ ਹੋਏ ਖੇਤ ਦੀ ਸਮੁੱਚੀ ਪਰਾਲੀ ਨੁੰ ਖੇਤਾਂ 'ਚ ਮਿਲਾਅ ਦਿੱਤਾ ਗਿਆ ਅਤੇ ਫਿਰ ਕਾਮਯਾਬੀ ਨਾਲ ਆਲੂਆਂ ਦੀ ਸਮੇਂ ਸਿਰ ਬਿਜਾਈ ਕੀਤੀ ਗਈ।ਕਿਸਾਨ ਅਨੁਸਾਰ ਉਲਟਾਂਵੇ ਹਲ੍ਹ ਨਾਲ ਖੇਤ ਵਾਹੁਣ ਨਾਲ ਤਿੰਨ ਦਿਨਾਂ ਬਾਅਦ ਆਲੂਆਂ ਦੀ ਬਿਜਾਈ ਕੀਤੀ ਗਈ। 

ਸ. ਜਗਜੀਤ ਸਿੰਘ ਹੁਣ ਇਸ ਗੱਲ 'ਚ ਪੱਕਾ ਵਿਸ਼ਵਾਸ਼ ਕਰਦਾ ਹੈ ਕਿ ਸਾਡੀਆਂ ਪੈਲੀਆਂ ਜੋ ਕਿ ਪਿਛਲੇ ਸਮਿਆਂ ਦੌਰਾਨ ਉਪਜਾਊ ਸ਼ਕਤੀ ਪ੍ਰਤੀ ਕਮਜ਼ੋਰ ਹੋ ਗਈਆਂ ਸਨ ਝੋਨੇ ਦੀ ਪਰਾਲੀ ਦੀ ਖੇਤਾਂ 'ਚ ਹੀ ਸੰਭਾਲ ਕਰਨ ਨਾਲ ਹੁਣ ਮੁੜ ਬਣ ਰਹੀਆਂ ਹਨ, ਭਾਵ ਸੁਰਜੀਤ ਹੋ ਰਹੀਆਂ ਹਨ, ਤੇ ਇਸੇ ਤਰਾਂ ਜੇਕਰ ਹਰੇਕ ਸਾਲ ਖੇਤੀ ਦੀ ਰਹਿੰਦ-ਖੂੰਹਦ ਨੂੰ ਜ਼ਮੀਨ 'ਚ ਮਿਲਾਅ ਦਿੱਤਾ ਜਾਵੇ ਤਾਂ ਉਹ ਦਿਨ ਦੂਰ ਨਹੀ ਜਦੋਂ ਕਿ ਸਾਡੀਆਂ ਜ਼ਮੀਨਾਂ ਮੁੜ ਜਰਖੇਜ ਹੋ ਜਾਣਗੀਆਂ ਅਤੇ ਅਸੀ ਘੱਟ ਖਾਦਾਂ ਨਾਲ ਵਧੇਰੇ ਅਤੇ ਮਿਆਰੀ ਪੈਦਾਵਾਰ ਹਾਸਿਲ ਕਰ ਸਕਾਂਗੇ। ਬਤੌਰ ਇੱਕ ਕਿਸਾਨ ਸ. ਜਗਜੀਤ ਸਿੰਘ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਝੋਨੇ ਦੇ ਪਰਾਲ ਨੂੰ ਜ਼ਮੀਨ 'ਚ ਵਾਹੁਣ ਨਾਲ ਘੱਟ ਤੋਂ ਘੱਟ 1.5 ਬੈਗ ਪ੍ਰਤੀ ਏਕੜ ਡੀ. ਏ. ਪੀ. ਖਾਦ ਦੀ ਬੱਚਤ ਹੋ ਸਕਦੀ ਹੈ। ਇਸ ਸਾਲ ਫਰਵਰੀ ਮਹੀਨੇ ਵਧੇਰੇ ਬਾਰਿਸ਼ ਹੋਣ ਨਾਲ ਜਿਥੇ ਇਲਾਕੇ ਵਿੱਚ ਆਲੂਆ ਦੀ ਫਸਲ ਦਾ ਖਰਾਬਾ ਮਹਿਸੂਸ ਕੀਤਾ ਗਿਆ। ਉਥੇ ਉਹਨਾਂ ਪੈਲੀਆਂ 'ਚ ਜਿਥੇ ਪਰਾਲ ਨੂੰ ਜ਼ਮੀਨ 'ਚ ਵਾਹੀਆ ਗਿਆ ਸੀ। ਉਹਨਾਂ ਪੈਲੀਆਂ 'ਚ ਪਾਣੀ ਖੜਨ ਕਰਕੇ ਕੋਈ ਨੁਕਸਾਨ ਨਹੀ ਹੋਈਆ। ਕਿਸਾਨ ਅਪਣੇ ਤਜਰਬੇ ਸਾਂਝੇ ਕਰਦਾ ਹੋਇਅਆ ਇਹ ਗੱਲ ਵੀ ਆਖਦਾ ਹੈ ਕਿ ਝੋਨੇ ਦੇ ਪਰਾਲ ਨੂੰ ਜ਼ਮੀਨ 'ਚ ਮਿਲਾਉਣ ਨਾਲ ਜਮੀਨ 'ਚ ਹਵਾ ਦਾ ਪ੍ਰਵਾਹ ਵੱਧਦਾ ਹੈ ਅਤੇ ਇਸ ਕਰਕੇ ਫਸਲ ਦੀ ਕੁਆਲਟੀ ਅਤੇ ਅਲੂਆਂ ਦੇ  ਝਾੜ 'ਚ ਤਕਰੀਬਨ 10 ਕੁਇੰਟਲ ਪ੍ਰਤੀ ਏਕੜ ਦਾ ਵਾਧਾ ਹੋਇਆ ਹੈ। ਕਿਸਾਨ ਦਾ ਮੰਨਣਾ ਹੈ ਕਿ ਭਾਵੇ ਝੋਨੇ ਦੀ ਪਰਾਲ ਦੀ ਸੰਭਾਲ ਕਰਨ ਕਰਕੇ ਕਿਸਾਨ ਦਾ ਖਰਚਾ ਵੱਧਦਾ ਹੈ ਪਰ ਖਰਚਾ ਕਰਨ ਤੋਂ ਬਾਅਦ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਸੁਧਾਰ ਅਨਮੋਲ ਹੈ। ਉਹਨਾਂ ਅਪਣੇ ਸੁਝਾਅ ਦਿੰਦੇ ਹੋਏ ਕਿਹਾ ਹੈ ਕਿ ਅੱਜ ਸਾਡੇ ਸਭ ਕਿਸਾਨਾ ਦਾ ਇਹ ਫਰਜ ਬਣਦਾ ਹੈ ਕਿ ਅਸੀ ਅਪਣੀਆਂ ਜਮੀਨਾ ਦੀ ਸਮਰੱਥਾ 'ਚ ਵਾਧਾ ਕਰਨ ਬਾਰੇ ਵੀ ਜਰੂਰ ਉਪਰਾਲੇ ਕਰੀਏ। ਇਸ ਮਕਸਦ ਲਈ ਆਪਣੀਆਂ ਖੁਦ ਦੀਆਂ ਮਸ਼ੀਨਾ ਦੀ ਖ੍ਰੀਦ ਨਾ ਕਰਦੇ ਹੋਏ ਪਿੰਡਾ 'ਚ ਅਜਿਹੇ ਉਦਮੀ ਕਿਸਾਨਾ ਨੂੰ ਹੱਲਾ ਸ਼ੇਰੀ ਦੇਈਏ, ਜੋ ਕਿ ਖੇਤੀ ਮਸ਼ੀਨਾ ਪ੍ਰਾਪਤ ਕਰਦੇ ਹੋਏ ਸਾਨੂੰ ਇਹ ਮਸ਼ੀਨਾਂ ਕਿਰਾਏ ਤੇ ਉਪਲੱਬਧ ਕਰਵਾ ਸਕਣ ਅਪਣੇ ਪਿੰਡਾ ਦੀਆਂ ਸਹਿਕਾਰੀ ਸਭਾਵਾ ਨੂੰ ਵੀ ਇਸ ਮਕਸਦ ਲਈ ਲਾਮਬੰਦ ਕਰੀਏ, ਤਾਂ ਜੋ ਵੱਧ ਤੋਂ ਵੱਧ ਖੇਤੀ ਮਸ਼ੀਨਰੀ ਸੇਵਾ ਸੈਂਟਰ ਸਥਾਪਿਤ ਕੀਤੇ ਜਾ ਸਕਣ। 

ਇਸ ਸਫਲ ਕਹਾਣੀ ਰਾਂਹੀ ਪਾਈਆਂ ਗਈਆਂ ਪੈੜਾ ਤੋਂ ਸਾਨੂੰ ਸਬਕ ਸਿੱਖਣ ਦੀ ਜਰੂਰਤ ਹੈ, ਸਾਨੂੰ ਚਾਹੀਦਾ ਹੈ ਕਿ ਖੇਤੀਬਾੜੀ ਦੀ ਰਹਿੰਦ-ਖੂੰਹਦ ਦੀ ਸਹੀ ਸੰਭਾਲ ਕਰਦੇ ਹੋਏ ਅਸੀ ਅਪਣੀ ਜ਼ਮੀਨ ਨੂੰ ਜਰਖੇਜ ਬਣਾਈਏ। ਇਸ ਮਕਸਦ ਲਈ ਕੀਤੀ ਜਾਂਦੀ ਥੋੜੀ ਜਿਹੀ ਮੇਹਨਤ ਅਤੇ ਖਰਚ ਕੀਤੀ ਜਾਂਦੀ ਰਾਸ਼ੀ ਤੋਂ ਬਿਲਕੁੱਲ ਨਾ ਘਬਰਾਈਏ ਬਲਕਿ ਇਸ ਨੂੰ ਅਪਣਾ ਫਰਜ ਸਮਝਦੇ ਹੋਏ ਅਪਣੀ ਖੇਤੀ ਨੂੰ ਮੁੜ ਲੀਹਾਂ ਤੇ ਪਾਉਣ ਲਈ ਅੱਗੇ ਕਦਮ ਵਧਾਈਏ।

* ਡਾ. ਨਰੇਸ਼ ਕੁਮਾਰ ਗੁਲਾਟੀ
* ਖੇਤੀਬਾੜੀ ਅਫਸਰ (ਬੀਜ)

Iqbalkaur

This news is Content Editor Iqbalkaur