ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 87 ਪਿੰਡਾਂ ਤੇ ਵਾਰਡਾਂ ਨੇ ਨਸ਼ਿਆਂ ਵਿਰੁੱਧ ਚੁੱਕਿਆ ਇਹ ਕਦਮ

07/27/2023 9:59:52 PM

ਚੰਡੀਗੜ੍ਹ/ਸੰਗਰੂਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਦੇ ਚੱਲਦਿਆਂ ਪੰਜਾਬ ਪੁਲਸ ਨੇ ਅੱਜ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਸ ਤਹਿਤ ਸੰਗਰੂਰ ਜ਼ਿਲ੍ਹੇ ਦੇ ਘੱਟੋ-ਘੱਟ 67 ਪਿੰਡਾਂ ਅਤੇ 20 ਵਾਰਡਾਂ ਵੱਲੋਂ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਇਹ ਕਦਮ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰੀ, ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਚਲਾਈ ਜਾ ਰਹੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੇ ਚਲਦਿਆਂ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇਸ ਕਾਰਵਾਈ ਤਹਿਤ ਕੱਲ੍ਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੋ ਨਸ਼ਿਆਂ ਲਈ ਬਦਨਾਮ ਇਲਾਕਿਆਂ ਪਿੰਡ ਮਿੱਡਾ ਅਤੇ ਮਲੋਟ ਦੇ ਮੁਹੱਲਾ ਛੱਜਘਰ ਦੇ ਵਾਸੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਨੇ ਮੁਲਾਜ਼ਮਾਂ ਨੂੰ ਕੀਤਾ ਪਦਉੱਨਤ, ਬਜਟ ਸੈਸ਼ਨ ਬਾਰੇ ਰਾਜਪਾਲ ਦਾ ਬਿਆਨ, ਪੜ੍ਹੋ Top 10

ਮੁਹਿੰਮ ਦੇ ਚੌਥੇ ਦਿਨ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਪਟਿਆਲਾ ਰੇਂਜ ਦੇ ਦੋ ਜ਼ਿਲ੍ਹਿਆਂ ਸੰਗਰੂਰ ਅਤੇ ਬਰਨਾਲਾ ’ਚ ਚਲਾਈ ਗਈ। ਇਹ ਸਾਰੀ ਕਾਰਵਾਈ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.ਪੀ.) ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਦੀ ਸਮੁੱਚੀ ਨਿਗਰਾਨੀ ਹੇਠ ਕੀਤੀ ਗਈ ਅਤੇ ਐੱਸ.ਐੱਸ.ਪੀਜ਼ ਨੂੰ ਭਾਰੀ ਪੁਲਸ ਫੋਰਸ ਤਾਇਨਾਤ ਕਰਕੇ ਸੁਚੱਜੇ ਢੰਗ ਨਾਲ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ।ਸੰਗਰੂਰ ਪੁਲਸ ਟੀਮ ਨੂੰ ਵਧਾਈ ਦਿੰਦਿਆਂ ਸਪੈਸ਼ਲ ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਲੋਕਾਂ ਨੂੰ ਸੂਬੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਤਾਂ ਜੋ ਸੂਬਾ ਨੂੰ ‘ਰੰਗਲਾ ਪੰਜਾਬ’ ਬਣਾਇਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਕੱਚੇ ਅਧਿਆਪਕਾਂ ਦੀ ਦਹਾਕਿਆਂ ਦੀ ਉਡੀਕ ਹੋਵੇਗੀ ਖ਼ਤਮ, CM ਮਾਨ ਸੌਂਪਣਗੇ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ

ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨਸ਼ਿਆਂ ਦੀ ਸਪਲਾਈ ਨੂੰ ਤੋੜਨ ਲਈ ਨਸ਼ਾ ਤਸਕਰਾਂ ਨੂੰ ਫੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਪਰ ਇਸ ਮੰਤਵ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਵੇਰਵੇ ਦਿੰਦਿਆਂ ਸਪੈਸ਼ਲ ਡੀ.ਜੀ.ਪੀ. ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਸ ਟੀਮਾਂ ਨੇ 8 ਐੱਫ.ਆਈ.ਆਰਜ਼ ਦਰਜ ਕਰਕੇ 11 ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਟੀਮਾਂ ਨੇ 60 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ। ਸਪੈਸ਼ਲ ਡੀ.ਜੀ.ਪੀ. ਨੇ ਦੱਸਿਆ ਕਿ ਐੱਸ.ਐੱਸ.ਪੀ. ਸੰਗਰੂਰ ਸੁਰਿੰਦਰ ਲਾਂਬਾ ਅਤੇ ਐੱਸ.ਐੱਸ.ਪੀ. ਬਰਨਾਲਾ ਸੰਦੀਪ ਕੁਮਾਰ ਮਲਿਕ ਦੀ ਨਿਗਰਾਨੀ ਹੇਠ 1200 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਮਜ਼ਬੂਤ ਫੋਰਸ ਨੇ ਆਪੋ-ਆਪਣੇ ਜ਼ਿਲ੍ਹਿਆਂ ਵਿਚ ਪਛਾਣੇ ਗਏ ਡਰੱਗ ਹੌਟਸਪੌਟਸ ਵਿਚ ਇਹ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਆਈ. ਜੀ. ਪੀ. ਮੁਖਵਿੰਦਰ ਸਿੰਘ ਛੀਨਾ ਨੇ 10 ਪੰਚਾਇਤਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਨ ਲਈ ਮੀਟਿੰਗ ਕੀਤੀ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਸੂਬੇ ਵਿਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਪੰਜਾਬ ਪੁਲਸ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ।

 

Manoj

This news is Content Editor Manoj