ਸੁਨਹਿਰੀ ਭਵਿੱਖ ਲਈ ਸਟੱਡੀ ਵੀਜ਼ਿਆਂ ’ਤੇ ਵਿਦੇਸ਼ ਗਏ ਨੌਜਵਾਨਾਂ ਨੂੰ ਪਈ ‘ਕੋਰੋਨਾ ਦੀ ਮਾਰ’

04/14/2020 11:43:40 AM

ਗੁਰਦਾਸਪੁਰ (ਹਰਮਨ) - ਕੋਰੋਨਾ ਵਾਇਰਸ ਦੇ ਸੰਕਟ ਨੇ ਜਿੱਥੇ ਪੂਰੀ ਦੁਨੀਆਂ ਦੀਆਂ ਸੜਕਾਂ ਸੁੰਨਸਾਨ ਕਰ ਦਿੱਤੀਆਂ ਹਨ, ਉਥੇ ਹੀ ਸੁਨਹਿਰੀ ਭਵਿੱਖ ਦੇ ਸੁਪਨੇ ਸੰਜੋਅ ਕੇ ਵਿਦੇਸ਼ਾਂ ’ਚ ਗਏ ਲੱਖਾਂ ਨੌਜਵਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਖਾਸ ਤੌਰ ’ਤੇ ਜਿਹੜੇ ਨੌਜਵਾਨਾਂ ਨੇ ਹੁਣੇ-ਹੁਣੇ ਸਟੱਡੀ ਵੀਜ਼ੇ ’ਤੇ ਵੱਖ-ਵੱਖ ਦੇਸ਼ਾਂ ਦੀ ਉਡਾਰੀ ਮਾਰੀ ਹੈ। ਉਕਤ ਨੌਜਵਾਨ ਵਿਦੇਸ਼ਾਂ ’ਚ ਪਹੁੰਚ ਤਾਂ ਗਏ ਪਰ ਉਥੇ ਹੋਏ ਲਾਕਡਾਊਨ ਕਾਰਨ ਉਹ ਘਰਾਂ ’ਚ ਬੰਦ ਹੋ ਕੇ ਰਹਿ ਗਏ। ਇਸ ਦੇ ਨਾਲ ਹੀ ਕਈ ਨੌਜਵਾਨ ਅਜਿਹੇ ਵੀ ਹਨ, ਜਿਨ੍ਹਾਂ ਦੇ ਜੁਲਾਈ ਇਨਟੇਕ ਲਈ ਵੀਜ਼ੇ ਆ ਚੁੱਕੇ ਸਨ ਪਰ ਉਹ ਹੁਣ ਇੱਥੇ ਹੀ ਫਸ ਗਏ ਹਨ। ਇਸ ਮਾਮਲੇ ’ਚ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਬੱਚਿਆਂ ਦੇ ਮਾਪਿਆਂ ਲਈ ਖੜ੍ਹੀ ਹੋ ਰਹੀ ਹੈ। ਇਸ ਦਾ ਕਾਰਨ ਇ ਹੈ ਕਿ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜਣ ਦੇ ਲਈ ਪਹਿਲਾਂ ਹੀ 15 ਤੋਂ 20 ਲੱਖ ਰੁਪਏ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੂੰ ਕਰਜ਼ੇ ਚੁੱਕਣੇ ਪਏ ਸਨ। ਲਾਕਡਾਊਨ ਕਾਰਨ ਵਿਦੇਸ਼ਾਂ ’ਚ ਵਿਹਲੇ ਬੈਠੇ ਬੱਚਿਆਂ ਨੂੰ ਉਥੇ ਗੁਜ਼ਾਰਾਂ ਕਰਨ ਲਈ ਹੋਰ ਪੈਸੇ ਭੇਜਣੇ ਪੈ ਰਹੇ ਹਨ।

ਕਰੀਬ 2 ਲੱਖ ਬੱਚੇ ਗਏ ਹਨ ਵਿਦੇਸ਼
ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਵੇਰਵਿਆਂ ਮੁਤਾਬਕ ਪਿਛਲੇ ਸਾਲ ਕਰੀਬ 97 ਹੜਾਰ ਨੌਜਵਾਨ ਸਟੱਡੀ ਵੀਜ਼ੇ ’ਤੇ ਵਿਦੇਸ਼ ਗਏ ਸਨ, ਜਦਤਿ 35 ਹਜ਼ਾਰ ਦੇ ਕਰੀਬ ਨੌਜਵਾਨ ਆਸਟ੍ਰੇਲੀਆ, 23 ਹਜ਼ਾਰ ਇੰਗਲੈਂਡ ਅਤੇ ਕਰੀਬ 2 ਲੱਖ ਵਿਦਿਆਰਥੀ ਵੱਖ-ਵੱਖ ਦੇਸ਼ਾਂ ’ਚ ਗਏ ਸਨ। ਇਸ ਸਾਲ ਵੀ ਜਨਵਰੀ, ਫਰਵਰੀ ਇਨਟੇਕ ’ਚ ਕਈ ਵਿਦਿਆਰਥੀ ਵਿਦੇਸ਼ਾਂ ’ਚ ਪਹੁੰਚ ਚੁੱਕੇ ਹਨ। ਇਹ ਹਰਿਆਣਾ, ਗੁਜਰਾਤ ਅਤੇ ਪੰਜਾਬ ਨਾਲ ਹੀ ਸਬੰਧਿਤ ਹਨ। 

ਲੱਖਾਂ ਰੁਪਏ ਲਾ ਕੇ ਲੱਗਾ ਹੈ ਸੱਟਡੀ ਵੀਜ਼ਾ
ਇਕੱਤਰ ਕੀਤੇ ਵੇਰਵਿਆਂ ਅਨੁਸਾਰ ਸਟੱਡੀ ਵੀਜ਼ੇ ’ਤੇ ਕੈਨੇਡਾ ਜਾਣ ਲਈ ਕਰੀਬ 15 ਲੱਖ ਰੁਪਏ ਖਰਚ ਆਉਂਦਾ ਹੈ, ਜਦਕਿ ਆਸਟ੍ਰੇਲੀਆ ਅਤੇ ਯੂ.ਕੇ ਲਈ ਵੀ ਕਰੀਬ 14-14 ਲੱਖ ਦਾ ਖਰਚ। ਕੈਨੇਡਾ ਜਾਣ ਵਾਲੇ ਵਿਦਿਆਰਥੀ ਨੂੰ ਕੈਨੇਡਾ ’ਚ ਇਕ ਸਾਲ ਦੇ ਖਰਚੇ ਲਈ ਆਪਣੇ ਨਾਲ 10200 ਡਾਲਰ ਲਿਜਾਣੇ ਪੈਂਦੇ ਹਨ। ਆਸਟ੍ਰੇਲੀਆਂ ਦਾ ਵੀਜ਼ਾ ਲੈਣ ਤੋਂ ਪਹਿਲਾ ਨੌਜਵਾਨ ਨੂੰ ਆਪਣੇ ਖਾਤੇ ’ਚ ਕਰੀਬ 18 ਤੋਂ 20 ਲੱਖ ਰੁਪਏ ਸ਼ੋਅ ਕਰਨੇ ਪੈਂਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਵਿਦਿਆਰਥੀ ਵਿਦੇਸ਼ਾਂ ’ਚ ਜਾ ਕੇ ਘੱਟੋ-ਘੱਟ ਇਕ ਸਾਲ ਦਾ ਖਰਚਾ ਖੁਦ ਕਰ ਸਕਦੇ ਹਨ। ਇਹ ਸ਼ਰਤਾਂ ਪੂਰੀਆਂ ਕਰਵਾ ਕੇ ਹੀ ਵਿਦੇਸ਼ਾਂ ਦੀਆਂ ਸਰਕਾਰਾਂ ਵੀਜ਼ਾ ਦਿੰਦੀਆਂ ਹਨ। ਉਥੇ ਵਿਹਲੇ ਰਹਿਣ ਵਾਲੇ ਨਵੇਂ ਵਿਦਿਆਰਥੀਆਂ ਦੀ ਕੋਈ ਗਾਰੰਟੀ ਨਹੀਂ ਲੈਂਦੀਆਂ। 

ਆਨਲਾਈਨ ਕਲਾਸਾਂ ਸ਼ੁਰੂ ਕਰਨ ਨਾਲ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ : ਗੈਵੀ ਕਲੇਰ
ਇਸ ਸਬੰਧੀ ਟੀਮ ਗਲੋਬਲ ਗੁਰਦਾਸਪੁਰ ਦੇ ਵੀਜ਼ਾ ਮਾਹਿਰ ਗੈਲੀ ਕਲੇਰ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਦੇ ਜੁਲਾਈ ਇਨਟੇਕ ਦੇ ਵੀਜ਼ੇ ਆ ਚੁੱਕੇ ਹਨ, ਉਹ ਲਾਕਡਾਊਨ ਦੇ ਕਾਰਨ ਬਾਹਰ ਨਹੀਂ ਜਾ ਸਕੇ। ਕਈ ਯੂਨੀਵਰਸਿਟੀਆਂ ਭਾਰਤ ਬੈਠੇ ਵਿਦਿਆਰਥੀਆਂ ਨੂੰ ਲਾਲਚ ਦੇ ਰਹੀਆਂ ਹਨ ਕਿ ਉਹ ਘਰਾਂ ’ਚ ਬੈਠੇ ਹੀ ਆਨਲਾਈਨ ਕਲਾਸਾਂ ਸ਼ੁਰੂ ਕਰ ਲੈਣ ਅਤੇ ਲਾਕਡਾਊਨ ਤੋਂ ਬਾਅਦ ਉਹ ਵਿਦੇਸ਼ ਪਹੁੰਚ ਜਾਣ। ਉਨ੍ਹਾਂ ਅਜਿਹੇ ਵਿਦਿਆਰਥੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਹਾਲਤ ’ਚ ਅਜਿਹਾ ਰਿਸਕ ਨਾ ਲੈਣ। ਲਾਕਡਾਊਨ ਦੇ ਖਤਮ ਹੋਣ ਦੇ ਬਾਰੇ ਅਜੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਜੇਕਰ ਇਹ ਸਮੈਸਟ ਆਨਲਾਈਨ ਕਲਾਸਾਂ ਲਗਾਉਣ ਨਾਲ ਹੀ ਪੂਰਾ ਹੋ ਗਿਆ ਤਾਂ ਯੂਨੀਵਰਸਿਟੀ ਨੇ ਉਨ੍ਹਾਂ ਦੇ ਕੋਰਸ ਦਾ ਸਰਟੀਫਿਕੇਟ ਭਾਰਤ ’ਚ ਬੈਠੇ ਵਿਦਿਆਰਥੀਆਂ ਨੂੰ ਹੀ ਭੇਜ ਦੇਣਾ ਹੈ ਅਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਦੀ ਫੀਸ ਵੀ ਜਮ੍ਹਾਂ ਕਰਵਾਉਣੀ ਪਵੇਗੀ। 

rajwinder kaur

This news is Content Editor rajwinder kaur