ਅਜੇ ਤੱਕ ਪੜ੍ਹਾਈ ਸ਼ੁਰੂ ਨਹੀਂ ਹੋ ਸਕੀ ਆਦਰਸ਼ ਸਕੂਲ ਮੱਲਾਂ ''ਚ

Wednesday, Jul 12, 2017 - 08:02 AM (IST)

ਫਰੀਦਕੋਟ  (ਹਾਲੀ) - ਪੰਜਾਬ ਵਿਚ ਖੋਲ੍ਹੇ ਗਏ ਆਦਰਸ਼ ਸਕੂਲਾਂ 'ਤੇ ਸ਼ਾਇਦ ਨਾ ਕੋਈ ਕਾਨੂੰਨ ਕੰਮ ਕਰ ਰਿਹਾ ਤੇ ਨਾ ਹੀ ਕੋਈ ਸਰਕਾਰੀ ਪਾਲਿਸੀ, ਜਿਸ ਪ੍ਰਬੰਧਕ ਕਮੇਟੀ ਦਾ ਜੋ ਵੀ ਦਿਲ ਕਰਦਾ, ਉਹ ਉਸੇ ਮੁਤਾਬਿਕ ਕੰਮ ਕਰ ਰਹੀ ਹੈ। ਜ਼ਿਲੇ ਦੇ ਦੋ ਆਦਰਸ਼ ਸਕੂਲਾਂ ਪੱਕਾ ਤੇ ਮੱਲਾਂ ਦਾ ਹੀ ਇਹੀ ਹਾਲ ਹੈ। ਇਨ੍ਹਾਂ ਦੋਵਾਂ ਸਕੂਲਾਂ ਵਿਚ ਅਧਿਆਪਕਾਂ ਦੀਆਂ ਹਾਜ਼ਰੀਆਂ ਨਹੀਂ ਲੱਗ ਰਹੀਆਂ ਤੇ ਪੱਕਾ ਸਕੂਲ ਦਾ ਸਟਾਫ ਹੜਤਾਲ ਵੀ ਕਰ ਚੁੱਕਾ ਹੈ। ਮੱਲਾਂ ਸਕੂਲ ਦੀ ਸਥਿਤੀ ਇਹ ਹੈ ਕਿ ਇਹ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਜੇ ਤੱਕ ਪੜ੍ਹਾਈ ਸ਼ੁਰੂ ਨਹੀਂ ਕਰਵਾ ਸਕਿਆ।
ਇਸ ਸਕੂਲ ਦੇ ਸਟਾਫ ਹਰਸ਼ਾ, ਸੰਦੀਪ ਕੌਰ, ਵੀਰੂ ਸ਼ਰਮਾ, ਪ੍ਰਤੀਭਾ, ਗੀਤੂ ਗਰਗ, ਰੋਜ਼ੀ, ਹਰਪ੍ਰੀਤ ਸਿੰਘ ਤੇ ਗੁਰਮੀਤ ਕੌਰ ਨੇ ਦੱਸਿਆ ਕਿ ਇਹ ਸਕੂਲ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਹੈ ਤੇ ਗਰਮੀਆਂ ਦੀਆਂ ਛੁੱਟੀਆਂ 10 ਜੁਲਾਈ ਤੱਕ ਇਸ ਕਾਰਨ ਸਕੂਲ ਪ੍ਰਬੰਧਕ ਕਮੇਟੀ ਨੇ ਵਧਾ ਦਿੱਤੀਆਂ ਕਿਉਂਕਿ ਇਥੇ ਮੁਰੰਮਤ ਚੱਲ ਰਹੀ ਸੀ।
ਸਟਾਫ ਨੇ ਦੱਸਿਆ ਕਿ ਜਦੋਂ ਉਹ ਛੁੱਟੀਆਂ ਖਤਮ ਹੋਣ ਤੋਂ ਬਾਅਦ 10 ਜੁਲਾਈ ਨੂੰ ਸਕੂਲ ਆਏ ਤਾਂ ਦੇਖਿਆ ਕਿ ਇਥੇ ਬੱਚਿਆਂ ਦੇ ਬੈਠਣ ਤੇ ਪੜ੍ਹਾਈ ਲਈ ਕੋਈ ਪ੍ਰਬੰਧ ਨਹੀਂ ਸੀ ਅਤੇ ਨਾ ਹੀ ਦਫਤਰ ਖੁੱਲ੍ਹਿਆ ਹੋਇਆ ਸੀ, ਜਿਸ ਕਾਰਨ ਉਹ ਆਪਣੀ ਹਾਜ਼ਰੀ ਨਹੀਂ ਲਾ ਸਕੇ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਵੀ ਇਹੀ ਹਾਲ ਰਿਹਾ ਤੇ ਉਨ੍ਹਾਂ ਦੀ ਹਾਜ਼ਰੀ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਾਜ਼ਰੀ ਆਨਲਾਈਨ ਲਾਈ ਜਾਵੇਗੀ ਪਰ ਕਦੋਂ ਤੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਦੱਸਿਆ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਵੀ ਅਜੇ ਤੱਕ ਪੜ੍ਹਾਈ ਵਾਲਾ ਮਾਹੌਲ ਨਹੀਂ ਬਣ ਸਕਿਆ। ਇਸ ਸਬੰਧੀ ਉਨ੍ਹਾਂ ਨੇ ਜ਼ਿਲੇ ਦੇ ਸਿੱਖਿਆ ਅਫ਼ਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਪ੍ਰਦੀਪ ਦਿਉੜਾ ਨਾਲ ਗੱਲ ਕੀਤਾ ਤਾਂ ਉਨ੍ਹਾਂ ਦੋਵਾਂ ਸਕੂਲਾਂ ਦੇ ਸਟਾਫ਼ ਨੂੰ ਆ ਰਹੀਆਂ ਸਮੱਸਿਆਵਾਂ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਆਦਰਸ਼ ਸਕੂਲ ਸਿੱਧੇ ਤੌਰ 'ਤੇ ਉਨ੍ਹਾਂ ਦੇ ਅਧੀਨ ਨਹੀਂ ਆਉਂਦੇ, ਜਿਸ ਕਾਰਨ ਉਹ ਇਨ੍ਹਾਂ ਸਕੂਲਾਂ ਦੇ ਸਟਾਫ਼ ਦੀਆਂ ਸਮੱਸਿਆਵਾਂ ਸਬੰਧੀ ਲਿਖਤੀ ਰੂਪ ਵਿਚ ਜ਼ਿਲੇ ਦੇ ਡਿਪਟੀ ਕਮਿਸ਼ਨਰ  ਤੇ ਪੰਜਾਬ ਸਰਕਾਰ ਨੂੰ ਭੇਜ ਦਿੰਦੇ ਹਨ।


Related News