ਵਿਦਿਆਰਥੀਆਂ ਨੂੰ ਆਦਰਸ਼ਾਂ ਦੇ ਬਦਲੇ ਪਰੋਸੀ ਜਾ ਰਹੀ ਹੈ ''ਅਨੈਤਿਕਤਾ''

08/01/2017 7:26:18 PM

ਫ਼ਰੀਦਕੋਟ (ਹਾਲੀ)-ਪੰਜਾਬ ਦੇ ਸਕੂਲਾਂ ਵਿਚ ਅੱਜਕਲ ਜੋ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਕਾਪੀਆਂ ਦੀਆਂ ਜਿਲਦਾਂ ਉਪਰ ਵਿਦਿਆਰਥੀਆਂ ਨੂੰ ਜੋ ਪਰੋਸਿਆ ਜਾ ਰਿਹਾ ਹੈ, ਉਹ ਵਿਦਿਆਰਥੀਆਂ ਦਾ ਪੜ੍ਹਾਈ ਵਿਚ ਮਨ ਨਹੀਂ ਲੱਗਣ ਦੇ ਰਿਹਾ। ਬਾਲ ਮਨ ਵਿਚ ਹੀ ਅਦਾਕਾਰਾਂ ਦੀਆਂ ਫ਼ੋਟੋਆਂ ਦੇਖ ਕੇ ਇਨ੍ਹਾਂ ਬੱਚਿਆਂ ਦਾ ਮਨ ਵੀ ਪੜ੍ਹਨ ਦੀ ਬਜਾਏ ਉੱਡੂੰ-ਉੱਡੂੰ ਕਰਨ ਲੱਗਦਾ ਹੈ।
ਅਕਾਦਮਿਕ ਹਲਕਿਆਂ ਦੇ ਚਿੰਤਕਾਂ ਅਨੁਸਾਰ ਵਿਦਿਆਰਥੀਆਂ ਲਈ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ 'ਤੇ 'ਆਦਰਸ਼ਾਂ' ਦੀ ਥਾਂ 'ਅਨੈਤਿਕਤਾ' ਪਰੋਸੀ ਜਾ ਰਹੀ ਹੈ। 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਦਾ ਨਾਅਰਾ ਭਾਵੇਂ ਸਕੂਲਾਂ ਦੇ ਮੁੱਖ ਗੇਟਾਂ 'ਤੇ ਲਿਖਿਆ ਮਿਲਦਾ ਹੈ ਪਰ ਇਨ੍ਹਾਂ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਬਸਤਿਆਂ 'ਚ ਜੋ ਕਾਪੀਆਂ (ਨੋਟ ਬੁੱਕਸ) ਹੁੰਦੀਆਂ ਹਨ, ਉਨ੍ਹਾਂ ਦੀਆਂ ਜਿਲਦਾਂ 'ਤੇ ਫਿਲਮੀ ਅਦਾਕਾਰਾਂ, ਮਾਡਲਾਂ, ਖਿਡਾਰੀਆਂ ਦੀਆਂ ਫੋਟੋਆਂ ਛਪੀਆਂ   ਹੁੰਦੀਆਂ ਹਨ, ਜੋ ਵਿਦਿਆਰਥੀਆਂ ਦਾ ਮਨ ਪੜ੍ਹਾਈ 'ਚ ਇਕਾਗਰ ਨਹੀਂ ਹੋਣ ਦਿੰਦੀਆਂ। 
ਸਿੱਖਿਆ ਸ਼ਾਸਤਰੀਆਂ ਅਨੁਸਾਰ ਸਕੂਲੀ ਕਾਪੀਆਂ ਦਾ ਇਹ 'ਰੂਪ' ਨਾ ਸਿਰਫ ਬਾਲ ਮਨਾਂ ਦੀ 'ਮਨੋਦਿਸ਼ਾ' ਅਤੇ 'ਮਨੋਦਸ਼ਾ' ਨੂੰ ਵਿਗਾੜਦਾ ਹੈ ਸਗੋਂ ਸਕੂਲਾਂ ਤੇ ਘਰਾਂ ਵਿਚ ਪੜ੍ਹਾਈ ਦੇ ਮਾਹੌਲ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਕੂਲੀ ਕਾਪੀਆਂ ਦਾ ਮੌਜੂਦਾ ਰੂਪ ਵਿਦਿਅਕ ਮਾਹੌਲ ਦੇ ਬਿਲਕੁਲ ਵੀ ਅਨੁਕੂਲ ਨਹੀਂ ਹੈ। ਇਹ ਸਭ ਕੁਝ ਇਨ੍ਹਾਂ ਕਾਪੀਆਂ ਦੇ ਨਿਰਮਾਤਾਵਾਂ ਤੇ ਗਾਇਕਾਂ, ਅਦਾਕਾਰਾਂ ਵੱਲੋਂ ਕੀਤੇ ਵਪਾਰਕ ਸਮਝੌਤੇ ਤਹਿਤ ਹੀ ਤਿਆਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰ ਕੇ ਬੱਚਿਆਂ ਨੂੰ ਸਾਡੇ ਮਹਾਨ ਗੁਰੂਆਂ, ਪੀਰਾਂ, ਦੇਸ਼ ਭਗਤਾਂ ਤੇ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਹੈ। ਸਿੱਖਿਆ ਸ਼ਾਸਤਰੀਆਂ ਅਨੁਸਾਰ ਇਹ ਬੜੀ ਤ੍ਰਾਸਦੀ ਹੈ ਕਿ ਪੰਜਾਬ ਦੇ ਮਹਾਨ ਨਾਇਕਾਂ, ਸੂਰਬੀਰਾਂ, ਯੋਧਿਆਂ, ਦੇਸ਼ ਭਗਤਾਂ, ਆਮ ਜਾਣਕਾਰੀ ਨੂੰ ਵਿਸਾਰ ਕੇ ਗਾਉਣ ਵਾਲਿਆਂ ਨੂੰ ਵਿਦਿਆਰਥੀਆਂ ਦੇ ਬਸਤਿਆਂ ਤੇ ਪੜ੍ਹਨ ਸਮੱਗਰੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ 'ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ। 

ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਜਦੋਂ ਸਿੱਖਿਆ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਵਰਤਾਰੇ 'ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਬਾਰੇ ਸਖ਼ਤ ਸਟੈਂਡ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਲਿਖਿਆ ਜਾਵੇਗਾ, ਜੋ ਸਮੇਂ-ਸਮੇਂ 'ਤੇ ਬੱਚਿਆਂ ਦੀਆਂ ਕਾਪੀਆਂ ਦੀਆਂ ਜਿਲਦਾਂ ਚੈੱਕ ਕਰਨਗੇ।

ਕੀ ਕਹਿਣਾ ਹੈ ਲੋਕਾਂ ਦਾ

ਐਡਵੋਕੇਟ ਮਹੀਪ ਇੰਦਰ ਸਿੰਘ ਨੇ ਅਫਸੋਸ ਜ਼ਾਹਿਰ ਕੀਤਾ ਕਿ ਇਕ ਪਾਸੇ ਸਮੇਂ ਦੀਆਂ ਸਰਕਾਰਾਂ ਹਰ ਬੱਚੇ ਤੇ ਨੌਜਵਾਨ ਨੂੰ ਸਿੱਖਿਅਤ ਕਰਨ ਦਾ ਦਾਅਵਾ ਕਰ ਕੇ ਕਰੋੜਾਂ ਰੁਪਏ ਬਜਟ 'ਚ ਰਾਖਵੇਂ ਰੱਖਦੀਆਂ ਹਨ ਪਰ ਬੱਚਿਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਕਾਪੀਆਂ ਦੀਆਂ ਜਿਲਦਾਂ 'ਤੇ ਗੀਤਾਂ ਦੇ ਮੁਖੜੇ ਅਤੇ ਸਿਰਲੇਖ ਲਿਖੇ ਹੁੰਦੇ ਹਨ ਜਿਨ੍ਹਾਂ ਨੂੰ ਹਟਾਉਣਾ ਸਮੇਂ ਦੀ ਜ਼ਰੂਰਤ ਹੈ।

ਅਮਨਇੰਦਰ ਸਿੰਘ ਵਹਿਣੀਵਾਲ ਨੇ ਹੈਰਾਨੀ ਪ੍ਰਗਟਾਈ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਕੂਲਾਂ/ਕਾਲਜਾਂ ਦੇ ਪ੍ਰਬੰਧਕਾਂ ਨੂੰ ਨੈਤਿਕਤਾ ਦਾ ਪਾਠ ਬੱਚਿਆਂ ਨੂੰ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਕੂਲੀ ਬੱਚਿਆਂ ਦੀਆਂ ਕਾਪੀਆਂ ਨੂੰ ਆਕਰਸ਼ਕ ਬਣਾਉਣ ਲਈ ਫੈਕਟਰੀ ਮਾਲਕ ਤੇ ਵਿਕਰੇਤਾ ਜਿਲਦਾਂ ਨੂੰ ਵੱਧ ਤੋਂ ਵੱਧ ਰੰਗ-ਬਿਰੰਗਾ ਤੇ ਭੜਕੀਲਾ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਨ੍ਹਾਂ ਕਾਪੀਆਂ ਨੂੰ ਦੇਖ ਕੇ ਪਹਿਲੀ ਨਜ਼ਰੇ ਇਹ ਪਛਾਣਨਾ ਔਖਾ ਹੋ ਜਾਂਦਾ ਹੈ ਕਿ ਇਹ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ ਹਨ ਜਾਂ ਕਿਸੇ ਫਿਲਮ ਤੇ ਗੀਤਾਂ ਵਾਲੀ ਸੀ. ਡੀ. ਦਾ ਕਵਰ ਪੇਜ।