ਧਰੇ-ਧਰਾਏ ਰਹਿ ਗਏ ਵਿਦਿਆਰਥੀਆਂ ਦੇ ਚਾਅ
Friday, Mar 30, 2018 - 07:55 AM (IST)

ਸਮਰਾਲਾ (ਬੰਗੜ, ਗਰਗ) - ਸੀ. ਬੀ. ਐੱਸ. ਈ. ਵਲੋਂ ਦਸਵੀਂ ਤੇ ਬਾਰ੍ਹਵੀਂ ਦੇ ਲਏ ਗਏ ਦੋ ਪੇਪਰ ਅਚਾਨਕ ਲੀਕ ਹੋਣ ਦੇ ਦੋਸ਼ ਹੇਠ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਪ੍ਰੀਖਿਆਰਥੀਆਂ ਵਿਚ ਬੇਚੈਨੀ ਤੇ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਦਸਵੀਂ ਜਮਾਤ ਦਾ ਗਣਿਤ ਤੇ 12ਵੀਂ ਦਾ ਇਕਨਾਮਿਕਸ ਦਾ ਪੇਪਰ ਰੱਦ ਹੋਣ ਦੀ ਖਬਰ ਨੇ ਵਿਦਿਆਰਥੀਆਂ ਦੇ ਚਾਵਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ ਕਿਉਂਕਿ ਪੂਰੇ ਸਾਲ ਦੀ ਲੰਮੀ ਤਿਆਰੀ ਤੋਂ ਬਾਅਦ ਦਿਨ-ਰਾਤ ਇਕ ਕਰ ਕੇ ਇਮਤਿਹਾਨਾਂ ਦੇ ਭਾਰ ਤੋਂ ਮੁਕਤ ਹੋ ਕੇ ਵਿਦਿਆਰਥੀਆਂ ਵਲੋਂ ਛੁੱਟੀਆਂ ਦੇ ਕੁਝ ਦਿਨ ਮੌਜ-ਮਸਤੀ ਵਿਚ ਗੁਜ਼ਾਰਨ ਦਾ ਮਨ ਬਣਾਇਆ ਗਿਆ ਸੀ। ਕਿਸੇ ਨੇ ਨਾਨਕੇ ਪਿੰਡ ਮਾਮੇ ਨੂੰ ਮਿਲਣ ਜਾਣਾ ਸੀ ਤੇ ਕਿਸੇ ਨੇ ਭੂਆ-ਫੁੱਫੜ ਨੂੰ। ਕੁਝ ਵਿਦਿਆਰਥੀ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਜਾਣ ਦਾ ਮਨ ਬਣਾ ਚੁੱਕੇ ਸਨ ਪਰ ਪੇਪਰ ਰੱਦ ਹੋਣ ਦੀ ਖਬਰ ਕਾਰਨ ਇਨ੍ਹਾਂ ਬੱਚਿਆਂ ਦੇ ਚਾਅ ਧਰੇ-ਧਰਾਏ ਰਹਿ ਗਏ।
ਇਮਤਿਹਾਨ ਖਤਮ ਹੋਣ ਤੋਂ ਬਾਅਦ ਬੱਚਿਆਂ ਵਲੋਂ ਆਪਣੀਆਂ ਕਾਪੀਆਂ-ਕਿਤਾਬਾਂ ਨੂੰ ਵੀ ਬੰਨੇ ਲਾ ਕੇ ਰੱਖ ਦਿੱਤਾ ਗਿਆ ਸੀ ਤੇ ਹੁਣ ਇਹ ਵਿਦਿਆਰਥੀ ਖੂੰਜਿਆਂ ਵਿਚੋਂ ਕਾਪੀਆਂ-ਕਿਤਾਬਾਂ ਲੱਭਦੇ ਨਜ਼ਰ ਆ ਰਹੇ ਹਨ। ਦਿਮਾਗੀ ਤੌਰ 'ਤੇ ਪੜ੍ਹਾਈ ਦੇ ਭਾਰ ਤੋਂ ਮੁਕਤ ਹੋਏ ਵਿਦਿਆਰਥੀ ਹੁਣ ਸੀ. ਬੀ. ਐੱਸ. ਈ. ਦੇ ਨਵੇਂ ਫਰਮਾਨ ਨੂੰ ਵੱਡੀ ਸਮੱਸਿਆ ਮੰਨ ਰਹੇ ਹਨ। ਬਹੁਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਦਿੱਤੇ ਗਏ ਇਮਤਿਹਾਨ 'ਚ ਸਾਰੇ ਸਵਾਲ ਹੱਲ ਕੀਤੇ ਗਏ ਸਨ ਤੇ ਹੁਣ ਮੁੜ ਉਸੇ ਪ੍ਰੀਖਿਆ ਦੀ ਦੁਬਾਰਾ ਤਿਆਰੀ ਕਰਨੀ ਉਨ੍ਹਾਂ ਨੂੰ ਪੀੜ ਦੇ ਰਹੀ ਹੈ।
ਵੱਖ-ਵੱਖ ਸਕੂਲ ਮੁਖੀਆਂ ਤੇ ਬੁੱਧੀਜੀਵੀਆਂ ਨਾਲ ਗੱਲ ਕਰਨ 'ਤੇ ਪਤਾ ਚੱਲਦਾ ਹੈ ਕਿ ਸਾਰਿਆਂ ਦਾ ਇਹੋ ਰੋਸ ਹੈ ਕਿ ਸੀ. ਬੀ. ਐੱਸ. ਈ. ਦੀ ਆਪਣੀ ਅਣਗਹਿਲੀ ਸਦਕਾ ਪੇਪਰ ਲੀਕ ਹੋਇਆ ਹੋਵੇਗਾ ਪਰ ਸਾਰੇ ਹੀ ਵਿਦਿਆਰਥੀਆਂ ਨੂੰ ਇਸ ਦੀ ਸਜ਼ਾ ਮਿਲਣੀ ਗੈਰ-ਵਾਜਿਬ ਹੈ। ਪੇਸ਼ ਹਨ ਇਸ ਸਬੰਧੀ ਵਿਦਿਆਰਥੀ ਤੇ ਅਧਿਆਪਕ ਵਰਗ ਦੇ ਵਿਚਾਰ -
ਮੇਰੇ ਚਾਅ ਮਨ 'ਚ ਹੀ ਰਹਿ ਗਏ : ਭਵਜੋਤ ਸਿੰਘ
ਦਸਵੀਂ ਜਮਾਤ ਦੇ ਵਿਦਿਆਰਥੀ ਭਵਜੋਤ ਸਿੰਘ ਪੁੱਤਰ ਦਲਬਾਰਾ ਸਿੰਘ ਪਿੰਡ ਭੁਮੱਦੀ ਨੇ ਦੱਸਿਆ ਕਿ ਮੇਰਾ ਗਣਿਤ ਦਾ ਪੇਪਰ ਬਹੁਤ ਵਧੀਆ ਹੋਇਆ ਸੀ ਤੇ ਆਪਣੇ ਘਰਦਿਆਂ ਨਾਲ ਮਿਲ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾਣਾ ਸੀ ਤੇ ਨਾਲ ਹੀ ਰਿਸ਼ਤੇਦਾਰੀਆਂ ਵਿਚ ਵੀ ਜਾਣਾ ਸੀ। ਪੇਪਰ ਦੁਬਾਰਾ ਹੋਣ ਦੀ ਖ਼ਬਰ ਨੇ ਉਸ ਦੇ ਸਾਰੇ ਚਾਵਾਂ ਦੀ 'ਬਲੀ' ਲੈ ਲਈ। ਇਸ ਵਿਦਿਆਰਥੀ ਦਾ ਕਹਿਣਾ ਹੈ ਕਿ ਉਸ ਨੂੰ ਮੁੜ ਮਿਹਨਤ ਕਰਨੀ ਪੈ ਰਹੀ ਹੈ।
ਇਸ 'ਚ ਸਾਡਾ ਕੀ ਕਸੂਰ ਹੈ : ਮਹਿਕਦੀਪ ਕੌਰ
ਨਜ਼ਦੀਕੀ ਪਿੰਡ ਢੀਂਡਸਾ ਦੀ ਮਹਿਕਦੀਪ ਕੌਰ ਪੁੱਤਰੀ ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਜੇ ਕਿਤੇ ਪੇਪਰ ਲੀਕ ਹੋ ਵੀ ਗਿਆ ਤਾਂ ਇਸ ਵਿਚ ਸਾਡਾ ਭਲਾ ਕੀ ਕਸੂਰ ਹੈ। ਮੈਂ ਗਣਿਤ ਦੇ ਪੇਪਰ ਵਿਚ ਸਾਰੇ ਸਵਾਲ ਹੱਲ ਕੀਤੇ ਸਨ ਤੇ ਮੈਨੂੰ ਉਮੀਦ ਸੀ ਕਿ ਮੈਨੂੰ ਪੂਰੇ ਨੰਬਰ ਮਿਲਣਗੇ। ਮੈਂ ਹੁਣ 10 ਦਿਨਾਂ ਲਈ ਨਾਨਕੇ ਪਿੰਡ ਜਾਣਾ ਸੀ, ਉਲਟਾ ਹੁਣ ਮੇਰੀ ਟੈਨਸ਼ਨ ਵਧ ਗਈ ਹੈ। ਉਸ ਦਾ ਕਹਿਣਾ ਹੈ ਕਿ ਇੰਨਾ ਵਧੀਆ ਇਮਤਿਹਾਨ ਦੇਣ ਤੋਂ ਬਾਅਦ ਮੁੜ ਉਸੇ ਇਮਤਿਹਾਨ ਦੀ ਤਿਆਰੀ ਔਖੀ ਲੱਗਦੀ ਹੈ।
ਮੇਰੀ ਆਈਲੈਟਸ ਦੀ ਤਿਆਰੀ ਰਹਿ ਗਈ ਵਿਚੇ ਹੀ : ਗੁਰਪ੍ਰਤਾਪ ਸਿੰਘ
ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀ ਗੁਰਪ੍ਰਤਾਪ ਸਿੰਘ ਪੁੱਤਰ ਰੁਪਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਲੰਮੀ ਤਿਆਰੀ ਤੋਂ ਬਾਅਦ ਉਸ ਨੇ ਪੇਪਰ ਵਧੀਆ ਤਰੀਕੇ ਨਾਲ ਹੱਲ ਕੀਤਾ ਸੀ ਤੇ ਫ੍ਰੀ ਹੋਣ ਤੋਂ ਬਾਅਦ ਉਸ ਨੇ ਕੈਨੇਡਾ ਪੜ੍ਹਾਈ ਕਰਨ ਲਈ ਜਾਣਾ ਸੀ, ਜਿਸ ਲਈ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਅਚਾਨਕ ਦੁਬਾਰਾ ਇਮਤਿਹਾਨ ਹੋਣ ਦੀ ਖਬਰ ਨੇ ਉਸ ਦੇ ਭਵਿੱਖ ਦੀ ਯੋਜਨਾ ਨੂੰ ਖਰਾਬ ਕਰ ਕੇ ਰੱਖ ਦਿੱਤਾ ਹੈ।
ਸਾਰੀ ਯੋਜਨਾ ਖਰਾਬ ਹੋ ਗਈ : ਸੁਮਿਤਪਾਲ
ਚੰਡੀਗੜ੍ਹ ਰੋਡ ਸਮਰਾਲਾ ਦੇ ਵਸਨੀਕ ਤੇ 12ਵੀਂ ਜਮਾਤ ਦੇ ਵਿਦਿਆਰਥੀ ਸੁਮਿਤਪਾਲ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਕ ਸਾਲ ਤੋਂ ਲਗਾਤਾਰ ਮਿਹਨਤ ਤੇ ਲਗਨ ਨਾਲ ਉਸ ਨੇ ਇਮਤਿਹਾਨ ਦੀ ਤਿਆਰੀ ਕੀਤੀ ਤੇ ਇਕਨਾਮਿਕਸ ਦੇ ਪੇਪਰ ਵਿਚ ਉਸ ਵਲੋਂ ਸਾਰੇ ਹੀ ਪ੍ਰਸ਼ਨ ਹੱਲ ਕੀਤੇ ਗਏ ਸਨ। ਚੰਗੇ ਨਤੀਜੇ ਦੀ ਉਡੀਕ ਲੈ ਕੇ ਹੁਣ ਉਹ ਆਈਲਟਸ ਦੀ ਤਿਆਰੀ ਕਰਨ ਲਈ ਸਮਰਾਲਾ ਦੇ ਇਕ ਇੰਸਟੀਚਿਊਟ ਵਿਚ ਦਾਖਲਾ ਲੈ ਚੁੱਕਾ ਹੈ। ਮੇਰੀ ਤਮੰਨਾ ਸੀ ਕਿ ਆਈਲੈਟਸ ਕਰ ਕੇ ਬਾਕੀ ਦੀ ਪੜ੍ਹਾਈ ਵਿਦੇਸ਼ ਵਿਚ ਜਾ ਕੇ ਕਰਾਂ ਪਰ ਸਾਰਾ ਪ੍ਰੋਗਰਾਮ ਤਹਿਸ-ਨਹਿਸ ਹੋ ਗਿਆ।
ਕਸੂਰ ਬੋਰਡ ਦਾ ਤੇ ਖਮਿਆਜ਼ਾ ਬੱਚੇ ਕਿਉਂ ਭੁਗਤਣ : ਪ੍ਰਿੰ. ਓਬਰਾਏ
ਅਕਾਲ ਅਕੈਡਮੀ ਢੀਂਡਸਾ ਦੀ ਪ੍ਰਿੰਸੀਪਲ ਅਰਵਿੰਦਰਪਾਲ ਕੌਰ ਓਬਰਾਏ ਨੇ ਕਿਹਾ ਕਿ ਇਹ ਕਸੂਰ ਸੀ. ਬੀ. ਐੱਸ. ਈ. ਬੋਰਡ ਦਾ ਹੈ ਪਰ ਖਮਿਆਜ਼ਾ ਸਾਰੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਬੱਚਿਆਂ ਨੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰ ਕੇ ਇਹ ਇਮਤਿਹਾਨ ਪੂਰਾ ਕੀਤਾ ਸੀ ਤੇ ਬੱਚੇ ਪੂਰੇ ਖੁਸ਼ ਸਨ। ਅਚਾਨਕ ਪੇਪਰ ਰੱਦ ਹੋਣ ਤੋਂ ਬਾਅਦ ਬੱਚੇ ੍ਰਪ੍ਰੇਸ਼ਾਨੀ ਵਿਚ ਘਿਰ ਗਏ। ਉਨ੍ਹਾਂ ਦੱਸਿਆ ਕਿ ਬੱਚਿਆਂ ਵਲੋਂ ਆਪਣੀਆਂ ਕਾਪੀਆਂ-ਕਿਤਾਬਾਂ ਵੀ ਰੱਖ ਦਿੱਤੀਆਂ ਗਈਆਂ ਸਨ ਪਰ ਹੁਣ ਉਨ੍ਹਾਂ ਨੂੰ ਮੁੜ ਕਾਪੀਆਂ-ਕਿਤਾਬਾਂ ਇਕੱਠੀਆਂ ਕਰਨੀਆਂ ਪੈ ਰਹੀਆਂ ਹਨ ਤੇ ਪੜ੍ਹਾਈ ਦਾ ਸਿਲਸਿਲਾ ਮੁੜ ਆਰੰਭ ਹੋ ਗਿਆ। ਬੱਚਿਆਂ ਤੇ ਅਧਿਆਪਕਾਂ ਲਈ ਇਹ ਬਹੁਤ ਮਾੜਾ ਹੋਇਆ।
ਵਿਦਿਆਰਥੀ ਵਰਗ ਨਾਲ ਵੱਡੀ ਬੇਇਨਸਾਫੀ : ਡਾ. ਬੈਨੀਪਾਲ
ਬੁੱਧੀਜੀਵੀ ਤੇ ਸਾਬਕਾ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦਾ ਕਹਿਣਾ ਹੈ ਕਿ ਦੋ ਜਮਾਤਾਂ ਦੇ ਪੇਪਰ ਲੀਕ ਹੋਣ ਦਾ ਮਾਮਲਾ ਬੇਹੱਦ ਦੁਖਦਾਈ ਹੈ। ਜ਼ਿੰਮੇਵਾਰ ਅਨਸਰਾਂ ਦੀ ਸ਼ਨਾਖ਼ਤ ਹੋਵੇ ਤੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਪਰ ਇਸਦੇ ਨਾਲ ਹੀ ਇਹ ਵੀ ਮਾੜਾ ਰੁਝਾਨ ਹੈ ਕਿ ਲੀਕ ਹੋਇਆ ਪੇਪਰ ਇਕ-ਦੋ ਥਾਵਾਂ 'ਤੇ ਵਰਤਿਆ ਗਿਆ ਹੋਵੇਗਾ ਪਰ ਇਸਦੀ ਸਜ਼ਾ ਸਾਰੇ ਵਿਦਿਆਰਥੀਆਂ ਨੂੰ ਕਿਉਂ ਦਿੱਤੀ ਗਈ? ਇਹ ਵਿਦਿਆਰਥੀ ਵਰਗ ਨਾਲ ਵੱਡੀ ਬੇਇਨਸਾਫ਼ੀ ਹੈ। ਸੀ. ਬੀ. ਐੱਸ. ਈ. ਨੂੰ ਆਪਣੀ ਕਾਰਜ ਪ੍ਰਣਾਲੀ ਸੁਧਾਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਗਲਤੀ ਦਾ ਦੁਹਰਾਅ ਨਾ ਹੋਵੇ ਤੇ ਸਾਰੇ ਵਿਦਿਆਰਥੀਆਂ 'ਤੇ ਦੁਬਾਰਾ ਪ੍ਰੀਖਿਆ ਦੇਣ ਵਰਗਾ ਭਾਰ ਮੁੜ ਚੜ੍ਹੇ।