ਗਿਆਨ ਦੇ ਗਹਿਣੇ : ਆਨਲਾਈਨ ਸਿੱਖਿਆ ਦੀਆਂ ਚਣੌਤੀਆਂ ਨਾਲ ਜੂਝਦੇ ਬੱਚੇ

05/19/2020 1:22:13 PM

ਕੋਰੋਨਾ ਮਹਾਮਾਰੀ ਨੇ ਮਨੁੱਖੀ ਜੀਵਨ ਨੂੰ ਨਵੇਂ ਰਾਹ ਤਲਾਸ਼ਣ ਲਈ ਮਜ਼ਬੂਰ ਕਰ ਦਿੱਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਨੂੰ ਹੁਣ ਇਸਦੇ ਨਾਲ ਜਿਊਣ ਦਾ ਸਲੀਕਾ ਸਮਝਣਾ ਪਵੇਗਾ। ਭਾਵ ਸਰੀਰਕ ਦੂਰੀ ਅਤੇ ਮਾਸਕ ਸਾਡੀ ਜੀਵਨ ਪ੍ਰਕਿਰਿਆ ਦਾ ਅਟੁੱਟ ਅੰਗ ਬਣੇ ਰਹਿਣਗੇ ਪਰ ਬਹੁਤਾ ਸਮਾਂ ਘਰਾਂ ਅੰਦਰ ਲੁਕ ਛਿਪ ਕੇ ਗੁਜ਼ਾਰਾ ਕਰਨਾ ਅਸੰਭਵ ਹੈ। ਕੁਝ ਕੁ ਸ਼ਰਤਾਂ ਅਧੀਨ ਜੀਵਨ ਨੂੰ ਲੀਹੇ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਬਾਰੇ ਅਜੇ ਬਹੁਤ ਗੰਭੀਰ ਚਿੰਤਨ ਦੀ ਲੋੜ ਹੈ ਤਾਂ ਕੇ ਸਾਡੀ ਨਵੀ ਪਨੀਰੀ ਇਸ ਆਫਤ ਤੋਂ ਬਚੀ ਰਹੇ। ਪੜ੍ਹਾਈ ਦੇ ਸਮੇਂ ਦੀ ਬਰਬਾਦੀ ਨੂੰ ਬਚਾਉਣ ਲਈ ਵਿੱਦਿਅਕ ਅਤੇ ਤਕਨੀਕੀ ਮਾਹਿਰਾਂ ਨੇ ਆਨਲਾਈਨ ਪੜ੍ਹਾਈ ਦਾ ਰਾਹ ਖੋਜਿਆ ਹੈ। ਇਹ ਪ੍ਰਬੰਧ ਵੱਡੇ ਵਿਦਿਆਰਥੀਆਂ ਲਈ ਤਾਂ ਕਾਰਗਰ ਸਿੱਧ ਹੋ ਚੁੱਕਾ ਹੈ ਪਰ ਨਿੱਕੜੇ ਬਾਲਾਂ ਅੱਗੇ ਇਸਦੀਆਂ ਬਹੁਤ ਚਣੌਤੀਆਂ ਹਨ। ਜਿਨ੍ਹਾਂ ਨਾਲ ਸਾਡੇ ਸਕੂਲੀ ਬੱਚਿਆਂ ਨੂੰ ਜੂਝਣਾ ਪੈ ਰਿਹਾ ਹੈ।

ਬੱਚੇ ਪੂਰਾ ਲਾਭ ਲੈ ਰਹੇ ਹਨ: 
ਅਧਿਆਪਕਾਂ ਦੀ ਇਸ ਮਿਹਨਤ ਦੀ ਸ਼ਲਾਘਾ ਕਰਦਿਆਂ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਆਨਲਾਈਨ ਸਿੱਖਿਆ ਦਾ ਵਿਦਿਆਰਥੀ ਪੂਰਨ ਲਾਭ ਉਠਾ ਰਹੇ ਹਨ। ਇਸ ਗੱਲ ਦਾ ਸਬੂਤ ਇਸ ਗੱਲ ਤੋਂ ਮਿਲ ਜਾਂਦਾ ਹੈ, ਜਦੋਂ 10ਵੀਂ ਦੀ ਆਨਲਾਈਨ ਸਾਇੰਸ ਵਿਸ਼ੇ ਦੀ ਪ੍ਰੀਖਿਆ ਵਿਚ ਕੁੱਲ 185643 ਵਿਚੋਂ 132192 ਵਿਦਿਆਰਥੀਆਂ ਨੇ ਭਾਗ ਲਿਆ। ਇਸੇ ਤਰ੍ਹਾਂ ਪੰਜਾਬ ਦੇ 105,898 ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਦੇ 'ਅੰਬੈਸਡਰ ਆਫ ਹੋਪ' ਵਾਸਤੇ ਆਨਲਾਈਨ ਰਚਨਾਤਮਿਕ ਵੀਡੀਓਜ਼ ਅੱਪਲੋਡ ਕਰਕੇ ਇਕ ਰਿਕਾਰਡ ਕਾਇਮ ਕਰ ਦਿੱਤਾ। ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀ ਪੜ੍ਹਾਈ ਪ੍ਰਤੀ ਕਿੰਨੇ ਜਾਗਰੂਕ ਹਨ।

ਇੰਟਰਨੈਟ ਦੀ ਸਮੱਸਿਆ : 
ਭਾਰਤ ਸਰਕਾਰ ਨੇ ਦੇਸ਼ ਨੂੰ ਡਿਜ਼ਿਟਲ ਬਨਾਉਣ ਦਾ ਬੀੜਾ ਚੁਕਿਆ ਹੋਇਆ ਹੈ ਪਰ ਅਜੇ ਤਕ ਵੀ ਬਹੁਤ ਸਾਰੇ ਪੇਂਡੂ ਖੇਤਰਾਂ ਵਿਚ ਇੰਟਰਨੈਟ ਦਾ ਸਹੀ ਅਤੇ ਲੋੜੀਂਦਾ ਸੰਪਰਕ ਉਪਲੱਬਧ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ ਕਿ ਮੇਰਾ ਪਿੰਡ ਮਹਿਮਦਵਾਲ ਕਲਾਂ ਤਹਿਸੀਲ ਗੜ੍ਹਸ਼ੰਕਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ 24-25 ਕਿਲੋਮੀਟਰ ਦੀ ਦੂਰੀ ’ਤੇ ਹੈ। ਸਾਨੂੰ ਵੀ ਇਥੇ ਇਸ ਸਮੱਸਿਆ ਨਾਲ ਦੋ ਚਾਰ ਹੋਣਾ ਪੈਂਦਾ ਹੈ। ਫਿਰ ਜਿਹੜੇ ਵਿਦਿਆਰਥੀ ਪਹਾੜੀ ਜਾਂ ਦੂਰ ਦੁਰੇਡੇ ਪਿੰਡਾਂ ਵਿਚ ਵਸਦੇ ਹਨ, ਉਨ੍ਹਾਂ ਦਾ ਕੀ ਹਾਲ ਹੋਵੇਗਾ? ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ।

ਇਕ ਤੋਂ ਵੱਧ ਬੱਚੇ: 
ਜਿਨ੍ਹਾਂ ਘਰਾਂ ਵਿਚ ਇਕ ਤੋਂ ਵੱਧ ਵਿਦਿਆਰਥੀ ਹਨ, ਉਨ੍ਹਾਂ ਲਈ ਹੋਰ ਵੀ ਸਮੱਸਿਆ ਹੈ ਕਿ ਆਨਲਾਈਨ ਪੜ੍ਹਾਈ ਵਾਸਤੇ ਹਰ ਬੱਚੇ ਕੋਲ ਸਮਾਰਟ ਫੋਨ ਹੋਣਾ ਲਾਜ਼ਮੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਸਿਰ ਦੂਹਰੀ ਮਾਰ ਪੈ ਰਹੀ ਹੈ। ਸਾਰੇ ਬੱਚੇ ਪੜ੍ਹਾਈ ਵਾਸਤੇ ਸਮਾਰਟ ਫੋਨ ਦੀ ਮੰਗ ਕਰ ਰਹੇ ਹਨ, ਜੋ ਉਨ੍ਹਾਂ ਵਾਸਤੇ ਸੰਭਵ ਨਹੀਂ ਹੈ। ਦੋ ਚਾਰ ਵਿਦਿਆਰਥੀਆਂ ਵਾਲੇ ਘਰਾਂ ਵਿਚ ਇਸ ਪੜ੍ਹਾਈ ਨੇ ਪੁਆੜਾ ਪਾਇਆ ਹੋਇਆ ਹੈ।

ਘਰ ਸਕੂਲ ਨਹੀਂ ਬਣ ਸਕਦੇ:
ਮਾਪਿਆਂ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਸਾਰਾ ਪਰਿਵਾਰ ਘਰ ਅੰਦਰ ਬੰਦ ਹੈ। ਇਸ ਲਈ ਘਰ ਵਿਚ ਸਕੂਲ ਦਾ ਮਾਹੌਲ ਨਹੀਂ ਬਣ ਸਕਦਾ। ਆਨਲਾਈਨ ਪੜ੍ਹਾਈ ਵਿਚ ਅਕਸਰ ਰੁਕਾਵਟ ਪੈਂਦੀ ਰਹਿੰਦੀ ਹੈ। ਛੋਟੇ ਘਰਾਂ ਵਾਲੇ ਬੱਚਿਆਂ ਲਈ ਇਹ ਬਹੁਤ ਵੱਡੀ ਸਮੱਸਿਆ ਹੈ। ਗਰੀਬ ਜਨਤਾ ਕੋਲ ਤਾਂ ਇਕ ਕਮਰੇ ਵਾਲਾ ਹੀ ਘਰ ਹੈ। ਦੂਜਾ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਬਹੁਤੇ ਮਾਪੇ ਸਧਾਰਨ ਹੀ ਹਨ। ਨਾ ਤਾਂ ਬਹੁਤੇ ਪੜ੍ਹੇ ਲਿਖੇ ਹਨ ਤੇ ਨਾਹੀਂ ਆਰਥਿਕ ਤੌਰ ’ਤੇ ਸਮਰੱਥ ਹਨ।

ਨਿਜੀ ਸਕੂਲਾਂ ਦੇ ਰੰਗ ਨਿਆਰੇ :
ਨਿਜੀ ਵਿਦਿਅਕ ਅਦਾਰਿਆਂ ਵਲੋਂ ਵੀ ਆਪੋ ਆਪਣੇ ਢੰਗਾਂ ਨਾਲ ਆਨਲਾਈਨ ਪੜ੍ਹਾਈ ਦੀ ਵਿਵਸਥਾ ਕੀਤੀ ਗਈ ਹੈ। ਜਿਸ ਬਾਰੇ ਮਾਪਿਆਂ ਦਾ ਕਹਿਣਾ ਹੈ ਕਿ ਅਸਲ ਵਿਚ ਤਾਂ ਪੜ੍ਹਾਈ ਜਮਾਤ/ਸਕੂਲ ਵਿਚ ਹੀ ਹੁੰਦੀ ਹੈ। ਇਹ ਤਾਂ ਉਨ੍ਹਾਂ ਵਲੋਂ ਬੱਚਿਆਂ ਨਾਲ ਸੰਪਰਕ ਬਣਾਈ ਰੱਖ ਕੇ ਬਾਅਦ ਵਿਚ ਫੀਸਾਂ ਉਗਰਾਹੁਣ ਦਾ ਤਰੀਕਾ ਹੈ। ਪੜ੍ਹਾਈ ਲਈ ਬਹੁਤਾ ਜ਼ੋਰ ਤਾਂ ਮਾਪਿਆਂ ਨੂੰ ਹੀ ਲਾਉਣਾ ਪੈ ਰਿਹਾ ਹੈ। ਫਿਰ ਵੀ ਅਠਾਰਾਂ ਵੀਹ ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ਵਲੋਂ ਆਪਣੇ ਨਿਵੇਕਲੇ ਰੰਗਾਂ ਨਾਲ ਸਿੱਖਿਅਤ ਕੀਤਾ ਜਾ ਰਿਹਾ ਹੈ।

ਇਨਸਾਨੀ ਕਦਰਾਂ ਕੀਮਤਾਂ :
ਸਿੱਖਿਆ ਦਾ ਮੰਤਵ ਬੱਚੇ ਦੀ ਸੰਪੂਰਨ ਸ਼ਖਸੀਅਤ ਦਾ ਵਿਕਾਸ ਕਰਨਾ ਹੁੰਦਾ ਹੈ। ਸਕੂਲਾਂ ਵਿਚ ਉਸਦਾ ਚਰਿੱਤਰ ਨਿਰਮਾਣ, ਗਿਆਨ ਅਤੇ ਲੋਕ ਕਲਿਆਣ ਅਤੇ ਹੋਰ ਸੰਪਰਕ ਲਈ ਅਧਿਆਪਕ ਅਤੇ ਹੋਰਾਂ ਸਮਾਜਿਕ ਗਤੀਵਿਧੀਆਂ ਨਾਲ ਵਿਕਸਤ ਕੀਤਾ ਜਾਂਦਾ ਹੈ, ਜੋ ਆਨਲਾਈਨ ਪੜ੍ਹਾਈ ਰਾਹੀਂ ਨਾ ਦੇ ਬਰਾਬਰ ਹੈ। ਸੋ ਇਸ ਤਰਾਂ ਅਸੀਂ ਗੁਜ਼ਾਰਾ ਤਾਂ ਕਰ ਸਕਦੇ ਹਾਂ ਪਰ ਪੜ੍ਹਾਈ ਦਾ ਅਸਲੀ ਮਨੋਰਥ ਪੂਰਾ ਨਹੀਂ ਕਰ ਸਕਦੇ। ਸਭ ਕੁਝ ਮਸ਼ੀਨੀ ਬਣ ਰਿਹਾ ਹੈ। ਭਾਵਨਾਵਾਂ ਅਤੇ ਸਵੇਦਨਾਵਾਂ ਮਰ ਰਹੀਆਂ ਹਨ, ਜਿਨ੍ਹਾਂ ਦੀ ਬੱਚਿਆਂ ਨੂੰ ਖਾਸ ਜ਼ਰੂਰਤ ਹੁੰਦੀ ਹੈ।

ਬੱਚਿਆਂ ਦੀ ਰੁਚੀ :
ਆਨਲਾਈਨ ਪੜ੍ਹਾਈ ਵਿਚ ਬੱਚਿਆਂ ਦੀ ਰੁਚੀ ਤਾਂ ਬਰਕਰਾਰ ਹੈ ਪਰ ਰਸਤੇ ਵਿਚਲੀਆਂ ਔਕੜਾਂ ਉਨ੍ਹਾਂ ਦਾ ਰਾਹ ਰੋਕੀ ਖੜੀਆਂ ਹਨ। ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਗੱਲ ਅਸੀਂ ਜਮਾਤ ਵਿਚ ਇਕ ਪਲ 'ਚ ਦੱਸ ਸਕਦੇ ਹਾਂ ਉਹ ਇਸ ਵਿਚ ਸੰਭਵ ਨਹੀਂ ਹੈ। ਦੂਜਾ ਵੱਖ-ਵੱਖ ਸਾਈਟਸ ਅਤੇ ਯੂ-ਟਿਊਬ ਆਦਿ ਰਾਹੀਂ ਇਹ ਪੜ੍ਹਨ ਪੜ੍ਹਾਉਣ ਦੀ ਪ੍ਰਕਿਰਿਆ ਕਲਾਸ ਰੂਮ ਵਰਗੀ ਰੌਚਕ ਨਹੀਂ ਬਣਦੀ। ਸਮਾਂ ਜ਼ਿਆਦਾ ਲਗਦਾ ਹੈ ਲਾਭ ਘੱਟ ਹੁੰਦਾ ਹੈ। ਇਕ ਸਰਵੇਖਣ ਅਨੁਸਾਰ ਸਰਕਾਰੀ ਸਕੂਲਾਂ ਦੇ ਬੱਚੇ ਇਨ੍ਹਾਂ ਚਣੌਤੀਆਂ ਨਾਲ ਲੋਹਾ ਲੈਂਦੇ ਹੋਏ ਪੰਜਾਹ ਸੱਠ ਫੀਸਦੀ ਸਫ਼ਲ ਹੋ ਰਹੇ ਹਨ। ਬਾਕੀਆਂ ਨੂੰ ਔਕੜਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।

rajwinder kaur

This news is Content Editor rajwinder kaur