ਵਿਦਿਆਰਥੀਆਂ ਦੇ ਇਮਤਿਹਾਨਾਂ ਦੇ ਮੱਦੇਨਜ਼ਰ ਆਵਾਜ਼ ਪ੍ਰਦੂਸ਼ਣ ''ਤੇ ਰੋਕ

02/17/2018 1:37:32 PM

ਰੂਪਨਗਰ (ਵਿਜੇ)— ਵਿਦਿਆਰਥੀਆਂ ਦੇ ਇਮਤਿਹਾਨਾਂ ਸਮੇਂ ਸ਼ੋਰ ਪ੍ਰਦੂਸ਼ਣ ਨੂੰ ਕਾਬੂ ਕਰਨ ਸਬੰਧੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਿਸੇ ਕਿਸਮ ਦਾ ਸ਼ੋਰ, ਸੰਗੀਤ ਜਾਂ ਉੱਚੀ ਆਵਾਜ਼ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ 'ਤੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਲਾਈ ਪਾਬੰਦੀ ਨੂੰ ਲਾਗੂ ਕੀਤਾ ਜਾਵੇ। 
ਇਹ ਹਦਾਇਤ ਹਰਜੋਤ ਕੌਰ ਐੱਸ. ਡੀ. ਐੱਮ. ਰੂਪਨਗਰ ਨੇ ਸ਼ੁੱਕਰਵਾਰ ਇਥੇ ਰੂਪਨਗਰ ਬਲਾਕ ਦੇ ਵੱਖ-ਵੱਖ ਧਾਰਮਿਕ ਅਦਾਰਿਆਂ ਦੇ ਮੁਖੀਆਂ, ਮੈਰਿਜ ਪੈਲੇਸਾਂ ਅਤੇ ਹੋਟਲਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵੀ ਹਦਾਇਤਾਂ ਹਨ ਕਿ ਗੁਰਦੁਆਰਿਆਂ/ਮੰਦਰਾਂ ਵਿਚ ਲੱਗੇ ਲਾਊਡ ਸਪੀਕਰਾਂ ਅਤੇ ਵਿਆਹ ਸ਼ਾਦੀਆਂ ਮੌਕੇ ਵਜਦੇ ਡੀ. ਜੇ. ਦੀ ਆਵਾਜ਼ ਨੂੰ ਸੀਮਤ ਕੀਤਾ ਜਾਵੇ। 
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ 23 ਨਵੰਬਰ 2005 ਨੂੰ ਇਸ ਸਬੰਧੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਜਿਸ ਰਾਹੀਂ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਦੀ ਆਵਾਜ਼ ਨੂੰ ਕੰਟਰੋਲ ਕਰਨ ਲਈ ਕਿਹਾ ਗਿਆ ਸੀ। ਇਸ ਮੀਟਿੰਗ ਦੌਰਾਨ ਰਾਜਪਾਲ ਸਿੰਘ ਸੇਖੋਂ ਤਹਿਸੀਲਦਾਰ ਰੂਪਨਗਰ, ਗੁਰਵਿੰਦਰ ਸਿੰਘ ਉਪ ਪੁਲਸ ਕਪਤਾਨ, ਦੇਸਰਾਜ ਮੁੱਖ ਥਾਣਾ ਅਫਸਰ (ਸਦਰ), ਮਨਿੰਦਰਪਾਲ ਸਿੰਘ ਸਾਹਨੀ, ਮੋਹਨ ਸਿੰਘ, ਕੁਲਦੀਪ ਸਿੰਘ, ਨਾਨਕ ਸ਼ਰਨ ਸਿੰਘ ਸਰਪੰਚ, ਪੰਡਿਤ ਦੀਵਾਕਰ ਤਕੀਆ ਮੰਦਰ, ਮੈਨੇਜਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਮੌਲਵੀ ਅਜ਼ਹਰ ਹਸਨ ਰੂਪਨਗਰ, ਓਮ ਪ੍ਰਕਾਸ਼ ਬਾਬਾ ਸੈਨ ਭਗਤ ਮੰਦਰ, ਮੰਗਲ ਪ੍ਰਕਾਸ਼, ਫਕੀਰ ਚੰਦ, ਮੁਹੰਮਦ ਸ਼ਮਸ਼ਾਦ ਪੁਰਖਾਲੀ, ਸੁਖਵਿੰਦਰ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਸੌਲਖੀਆਂ ਆਦਿ ਹਾਜ਼ਰ ਸਨ।