ਸਕੂਲੀ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਕੂਲ ਮੁਖੀਆਂ ਨੂੰ ਦਿੱਤੇ ਸਖ਼ਤ ਦਿਸ਼ਾ-ਨਿਰਦੇਸ਼

08/09/2021 6:36:29 PM

ਚੰਡੀਗੜ੍ਹ : ਕੋਵਿਡ-19 ਦੀ ਮਹਾਮਾਰੀ ਤੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਚਾਉਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲ ਮੁਖੀਆਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਿੰਗਲਾ ਨੇ ਕਿਹਾ ਕਿ 2 ਅਗਸਤ ਤੋਂ ਸਰਕਾਰੀ, ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ ਅਤੇ ਗੈਰ-ਸਹਾਇਤਾ ਪ੍ਰਾਪਤ ਸਕੂਲ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ, ਇਸ ਕਰਕੇ ਕੋਵਿਡ 19 ਦੀ ਸਥਿਤੀ ਨਾਲ ਨਜਿੱਠਣ ਅਤੇ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿੰਗਲਾ ਨੇ ਨਵੇਂ ਸਿਰੇ ਤੋਂ ਹਦਾਇਤਾਂ ਜਾਰੀ ਕੀਤੀਆਂ ਹਨ। ਸਿੰਗਲਾ ਨੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਰੋਜ਼ਾਨਾ ਲਗਾਉਣ ਲਈ ਆਖਿਆ ਹੈ ਤਾਂ ਜੋ ਬੋਰਡ ਦੀਆਂ ਇਨ੍ਹਾਂ ਕਲਾਸਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚੱਜੇ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਦੀ ਵੱਧ ਗਿਣਤੀ ਅਤੇ ਕਮਰਿਆਂ ਦੀ ਘਾਟ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖਰੇ-ਵੱਖਰੇ ਤੌਰ ’ਤੇ ਬੁਲਾਉਣ ਲਈ ਸਕੂਲ ਮੁਖੀਆਂ ਨੂੰ ਖੁਲ੍ਹ ਦਿੱਤੀ ਹੈ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਵਲੋਂ ਕਤਲ ਕੀਤੇ ਵਿੱਕੀ ਮਿੱਡੂਖੇੜਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ, ਦਿੱਤਾ ਵੱਡਾ ਬਿਆਨ

ਕੈਬਨਿਟ ਮੰਤਰੀ ਨੇ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਨਾਨ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਦੇ ਸਬੰਧ ਵਿਚ ਕਮਰਿਆਂ ਦੀ ਉਪਲੱਬਧਤਾ ਦੇ ਅਨੁਸਾਰ ਸਕੂਲ ਮੁਖੀ ਆਪਣੇ ਹਿਸਾਬ ਨਾਲ ਫੈਸਲਾ ਲੈਣਗੇ। ਇਸ ਸਬੰਧ ਵਿਚ ਵਿਦਿਆਰਥੀਆਂ ਨੂੰ ਵੱਖਰੇ ਤੌਰ ’ਤੇ ਵੀ ਬੁਲਾਇਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਇਕ ਕਮਰੇ ਵਿਚ 25 ਤੋਂ 30 ਵਿਦਿਆਰਥੀਆਂ ਨੂੰ ਹੀ ਢੁਕਵੀਂ ਦੂਰੀ ’ਤੇ ਬਿਠਾਇਆ ਜਾਵੇ ਅਤੇ ਇਕ ਬੈਂਚ ’ਤੇ ਸਿਰਫ ਇਕ ਵਿਦਿਆਰਥੀ ਹੀ ਬੈਠੇ। ਉਨ੍ਹਾਂ ਨੇ ਕੋਵਿਡ-19 ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਵਿਦਿਆਰਥੀਆਂ ਵਿਚ ਆਪਸੀ ਦੂਰੀ ਬਨਾਉਣ ਨੂੰ ਯਕੀਨੀ ਬਨਾਉਣ ਲਈ ਸਵੇਰ ਦੀ ਸਭਾ ਤੋਂ ਵੀ ਛੋਟ ਦੇਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੀਤਾ ਕਤਲ

ਨੋਟ -  ਪੰਜਾਬ ਸਰਕਾਰ ਵਲੋਂ ਸਾਰੀਆਂ ਕਲਾਸਾਂ ਲਈ ਸਕੂਲ ਖੋਲ੍ਹੇ ਜਾਣ ਦੇ ਫ਼ੈਸਲਾ ਨੂੰ ਤੁਸੀਂ ਕਿਵੇਂ ਦੇਖਦੇ ਹੋ?

Gurminder Singh

This news is Content Editor Gurminder Singh