ਭਾਰਤੀ ਵਿਦਿਆਰਥੀਆਂ ਲਈ ਆਸਟਰੇਲੀਆ ਦਾ ਦੀਵਾਲੀ ਗਿਫਟ, ਬਿਨਾਂ ਆਈਲੈਟਸ ਦੇ ਮਿਲੇਗਾ ਵੀਜ਼ਾ

10/03/2017 7:43:29 PM

ਜਲੰਧਰ : ਆਸਟਰੇਲੀਆ ਵਿਖੇ ਪੜ੍ਹਾਈ ਲਈ ਜਾਣ ਦੀ ਚਾਹਤ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਹੈ। ਆਸਟਰੇਲੀਆ ਵਲੋਂ ਕੀਤੇ ਗਏ ਇਕ ਫੈਸਲੇ ਮੁਤਾਬਕ ਹੁਣ ਭਾਰਤੀ ਵਿਦਿਆਰਥੀ ਬਿਨਾਂ ਆਈਲੈਟਸ ਕੀਤੇ ਅਤੇ ਬਿਨਾਂ ਬੈਂਕ ਖਾਤੇ ਵਿਚ ਫੰਡ ਦਿਖਾਏ ਆਸਟਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਦਰਅਸਲ ਅਜਿਹਾ ਭਾਰਤ ਨੂੰ ਰਿਸਕ ਅਸੈਸਮੈਂਟ ਲੈਵਲ 2 ਵਿਚ ਲਿਆਉਣ ਦੇ ਫੈਸਲਾ ਨਾਲ ਸੰਭਵ ਹੋਇਆ ਹੈ। ਇਸ ਤੋਂ ਪਹਿਲਾਂ ਭਾਰਤ ਦੀ ਗਿਣਤੀ ਰਿਸਕ ਅਸੈਸਮੈਂਟ ਤਿੰਨ ਵਿਚ ਹੁੰਦੀ ਸੀ ਜਿਸ ਦਾ ਮਤਲਬ ਹੈ ਕਿ ਭਾਰਤ ਦੇ ਵਿਦਿਆਰਥੀਆਂ ਨੂੰ ਆਸਟਰੇਲੀਆ ਬੁਲਾਉਣ ਵਿਚ ਜ਼ੋਖਿਮ ਜ਼ਿਆਦਾ ਹੈ, ਲਿਹਾਜ਼ਾ ਵਿਦਿਆਰਥੀਆਂ 'ਤੇ ਆਈਲੈਟਸ ਵਿਚ ਬੈਂਡ ਹਾਸਲ ਕਰਨ ਅਤੇ ਫੰਡ ਦਿਖਾਉਣ ਦੀ ਤਲਵਾਰ ਲਟਕੀ ਰਹਿੰਦੀ ਸੀ ਪਰ ਰਿਸਕ ਅਸੈਸਮੈਂਟ ਲੈਵਲ 2 ਵਿਚ ਆਉਣ ਤੋਂ ਬਾਅਦ ਹੁਣ ਭਾਰਤ ਦੇ ਵਿਦਿਆਰਥੀ ਆਸਟਰੇਲੀਆ ਦੇ ਅਸੈਸਮੈਂਟ ਲੈਵਲ 2 ਜਾਂ 1 ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈਣਾ ਚਹੁੰਦੇ ਹਨ ਤਾਂ ਉਨ੍ਹਾਂ ਨੂੰ ਖਾਤੇ ਵਿਚ ਫੰਡ ਦਿਖਾਉਣ ਜਾਂ ਇੰਗਲਿਸ਼ ਦੇ ਟੈਸਟ ਕਲੇਅਰ ਕਰਕੇ ਬੈਂਡ ਦਿਖਾਉਣ ਦੀ ਜ਼ਰੂਰਤ ਨਹੀਂ ਰਹੇਗੀ ਪਰ ਜਿਹੜੇ ਵਿਦਿਆਰਥੀ ਅਜਿਹੇ ਕੋਰਸ ਵਿਚ ਦਾਖਲਾ ਲੈਣਾ ਚਾਹੁੰਦੇ ਹਨ ਜਿਸ ਵਿਚ ਅੰਗਰੇਜ਼ੀ ਦੀ ਜਾਣਕਾਰੀ ਜ਼ਰੂਰੀ ਹੈ ਤਾਂ ਇਨ੍ਹਾਂ ਵਿਦਿਆਰਥੀਆਂ ਨੂੰ ਆਸਟਰੇਲੀਆ ਵਿਚ ਰਹਿ ਕੇ ਹੀ ਛੇ ਮਹੀਨੇ ਤੋਂ ਲੈ ਕੇ ਸਾਲ ਤਕ ਦਾ ਅੰਗਰੇਜ਼ੀ ਦਾ ਇਕ ਕੋਰਸ ਕਰਨਾ ਪਵੇਗਾ।
ਆਸਟਰੇਲੀਆ ਦੀ ਜੈੱਟ ਓਵਰਸੀਜ਼ ਗਲੋਬਲ ਦੇ ਇਮੀਗ੍ਰੇਸ਼ਨ ਮਾਹਰ ਅਤੇ ਮਾਰਾ ਏਜੰਟ ਮਨਦੀਪ ਸਿੰਘ ਮੁਤਾਬਕ ਜੇਕਰ ਕਿਸੇ  ਵਿਦਿਆਰਥੀ ਨੇ ਬਿਨਾਂ ਆਈਲੈੱਟਸ ਦੇ ਆਸਟਰੇਲੀਆ ਲਈ ਵੀਜ਼ਾ ਅਪਲਾਈ ਕਰਨਾ ਹੈ ਤਾਂ ਉਸ ਦਾ ਪ੍ਰੋਫਾਈਲ ਚੰਗਾ ਹੋਣਾ ਚਾਹੀਦਾ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਕਾਫੀ ਲਾਭ ਪਹੁੰਚੇਗਾ ਪਰ ਵਿਦਿਆਰਥੀ ਅਪਲਾਈ ਕਰਨ ਤੋਂ ਪਹਿਲਾਂ ਇਹ ਪੱਕੇ ਤੌਰ 'ਤੇ ਜਾਣ ਲੈਣ ਕਿ ਜਿਸ ਯੂਨੀਵਰਸਿਟੀ, ਕਾਲਜ ਜਾਂ ਇੰਸਟੀਚਿਊਟ ਵਿਚ ਉਹ ਅਪਲਾਈ ਕਰ ਰਹੇ ਹਨ ਉਸ ਦਾ ਲੈਵਲ 1 ਜਾਂ 2 ਹੋਣਾ ਚਾਹੀਦਾ ਹੈ। ਮਨਦੀਪ ਸਿੰਘ ਮੁਤਾਬਾਕ ਆਸਟਰੇਲੀਆ ਭਾਰਤੀ ਵਿਦਿਆਰਥੀਆਂ ਪ੍ਰਤੀ ਲਚੀਲਾ ਰੁਖ ਅਪਣਾ ਰਿਹਾ ਹੈ ਪਰ ਵਿਦਿਆਰਥੀ ਵੀਜ਼ਾ ਅਪਲਾਈ ਕਰਨ ਵਿਚ ਕਾਹਲੀ ਨਾ ਕਰਨ। ਵਿਦਿਆਰਥੀ ਸਿਰਫ ਮਨਜ਼ੂਰਸ਼ੁਦਾ ਏਜੰਟ ਕੋਲ ਹੀ ਆਪਣਾ ਵੀਜ਼ਾ ਅਪਲਾਈ ਕਰਨ ਅਤੇ ਪਹਿਲਾਂ ਵੀਜ਼ਾ ਮਾਹਰਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲੈਣ।