ਅਧਿਆਪਕ ਦੀ ਦਰਿੰਦਗੀ ਨੇ ਬਰਬਾਦ ਕੀਤੀ ਮਾਸੂਮ ਦੀ ਜ਼ਿੰਦਗੀ, ਬੱਚੇ ਦੀ ਹਾਲਤ ਨੇ ਡਾਕਟਰਾਂ ਦੇ ਵੀ ਉਡਾਏ ਹੋਸ਼

07/10/2017 12:00:20 PM

ਲੁਧਿਆਣਾ (ਮਹੇਸ਼) — ਸਕੂਲ ਅਧਿਆਪਕ ਦੇ ਕਥਿਤ ਟਾਰਚਰ ਤੋਂ ਦੁਖੀ ਹੋ ਕੇ 15 ਸਾਲਾ ਵਿਦਿਆਰਥੀ ਨੇ ਗੋਲੀਆਂ ਨਿਗਲ ਲਈਆਂ। ਜਗਦੀਪ ਸਿੰਘ ਦਾ ਇਲਾਜ ਗੁਰੂ ਤੇਗ ਬਹਾਦੁਰ ਹਸਪਤਾਲ 'ਚ ਚਲ ਰਿਹਾ ਹੈ। ਉਹ ਪਿੰਡ ਗਿਲ ਦੇ ਸਰਕਾਰੀ ਸਕੂਲ 'ਚ 9ਵੀਂ ਦਾ ਵਿਦਿਆਰਥੀ ਹੈ। ਪੁਲਸ ਨੇ ਉਸ ਦੇ ਪਿਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਗਿਲ ਦੇ ਜਰਨੈਲ ਸਿੰਘ ਨੇ ਦੱਸਿਆ ਕਿ ਗਣਿਤ ਦੇ ਅਧਿਆਪਕ ਦੇ ਕਥਿਤ ਟਾਰਚਰ ਤੋਂ ਦੁਖੀ ਹੋ ਕੇ ਉਸਦੇ ਪੁੱਤਰ ਨੇ ਘਰ 'ਚ ਪਈਆਂ ਨੀਂਦ ਦੀਆਂ ਗੋਲੀਆਂ ਨਿਗਲ ਲਈਆਂ, ਜਿਸ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਉਸ ਦਾ ਦੋਸ਼ ਹੈ ਕਿ ਇਸ ਸਬੰਧ 'ਚ ਜਦ ਸਕੂਲ ਦੇ ਪ੍ਰਿਸੀਪਲ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਸ ਨੇ ਅਧਿਆਪਕ ਦੇ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਉਸ ਨੂੰ ਹੀ ਡਾਂਟ ਕੇ ਦਫਤਰ ਤੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਉਸ ਨੇ ਲਿਖਤੀ ਸ਼ਿਕਾਇਤ ਪੁਲਸ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ। ਉਸ ਨੇ ਦੋਸ਼ ਲਗਾਇਆ ਹੈ ਕਿ ਅਧਿਆਪਕ ਵਲੋਂ ਦਿੱਤੇ ਗਈ ਮਾਨਸਿਕ ਤੇ ਸਰੀਰਕ ਤਸੀਹਿਆਂ ਨੇ ਉਸ ਦੇ ਪੁੱਤਰ ਦੇ ਦਿਲ-ਦਿਮਾਗ 'ਤੇ ਇਸ ਕਦਰ ਅਸਰ ਕੀਤਾ ਹੈ ਕਿ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਡਾਕਟਰਾਂ ਨੇ ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬੈੱਡ ਨਾਲ ਬੰਨ ਕੇ ਰੱਖਿਆ ਹੋਇਆ ਹੈ।
ਜਰਨੈਲ ਦਾ ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਅਧਿਆਪਕ ਨੇ ਕਰੀਬ ਢੇਡ ਮਹੀਨੇ ਪਹਿਲਾਂ ਪੜਾਈ ਨੂੰ ਲੈ ਕੇ ਉਸ ਦੇ ਪੁੱਤਰ ਦੇ ਨਾਲ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਸ ਦੇ ਦੰਦ ਟੁੱਟ ਗਏ ਸਨ। ਉਸ ਸਮੇਂ ਅਧਿਆਪਕ ਵਲੋਂ ਮੁਆਫੀ ਮੰਗਣ 'ਤੇ ਉਸ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਸੀ ਪਰ ਇਸ ਤੋਂ ਬਾਅਦ ਵੀ ਮਾਸਟਰ ਦੇ ਵਿਵਹਾਰ 'ਚ ਕੋਈ ਬਦਲਾਅ ਨਹੀਂ ਆਇਆ ਤੇ ਉਸ ਨੇ ਉਸ ਦੇ ਪੁੱਤਰ ਨੂੰ ਪੜਾਈ ਦੀ ਆੜ 'ਚ ਤਾਅਨਾ ਦਿੰਦੇ ਹੋਏ ਉਸ ਨੂੰ ਜ਼ਹਿਰ ਖਾ ਕੇ ਮਰ ਜਾਣ ਤਕ ਦੀ ਗੱਲ ਕਹਿ ਦਿੱਤੀ, ਜੋ ਉਸ ਦੇ ਦਿਮਾਗ 'ਚ ਘਰ ਕਰ ਗਈ। ਇਸ ਸੰਬੰਧ 'ਚ ਐੱਸ. ਸੀ. ਪੀ. ਰਮਨਦੀਪ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।