ਸਕੂਲ ''ਚ ਟਾਪ ਕਰਨ ਦੀ ਮਿਲੀ ਸਜ਼ਾ, ਵਿਦਿਆਰਥਣ ਨੂੰ ਵਾਲਾਂ ਤੋਂ ਫੜ ਕੇ ਕੁੱਟਿਆ (ਵੀਡੀਓ)

05/27/2017 4:47:01 PM

ਭਾਦਸੋਂ — 10ਵੀਂ ਜਮਾਤ ਦੇ ਨਤੀਜੇ ''ਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਟੋਹੜਾ ਦੀ ਵਿਦਿਆਰਥਣ ਵੀਰਪਾਲ ਕੌਰ ਜੋ ਕਿ 82ਫੀਸਦੀ ਅੰਕ ਲੈ ਕੇ ਪਾਸ ਹੋਈ ਹੈ, ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ''ਤੇ ਪਰਿਵਾਰ ਨੇ ਉਸ ਨੂੰ ਬਚਾ ਲਿਆ। ਵਿਦਿਆਰਥਣ ਨਾਲ ਗੱਲ ਕਰਨ ਤੋਂ ਬਾਅਦ ਪਰਿਵਾਰ ਨੇ ਉਸ ਦੇ ਸਕੂਲ ਕਲਰਕ ਜਸਵੀਰ ਸਿੰਘ ''ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ''ਤੇ ਇਕ ਪੋਸਟ ਵਿਦਿਆਰਥੀਆਂ ਨੂੰ ਸਕੂਲ ਕਲਰਕ ਵਲੋਂ ਲਿੱਖ ਕੇ ਦਿੱਤੀ ਗਈ ਸੀ।

 

ਇਸ ''ਚ ਨਕਲ ਕਰ ਕੇ ਹਿਸਾਬ ਦਾ ਪੇਪਰ ਪਾਸ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਵਿਦਿਆਰਥਣ ਦੇ ਪਰਿਵਾਰ ਦਾ ਦੋਸ਼ ਹੈ ਕਿ ਪ੍ਰੀਖਿਆ ਦੌਰਾਨ ਸਕੂਲ ਦੇ ਕਲਰਕ ਨੇ ਆਪਣੇ ਇਕ ਰਿਸ਼ਤੇਦਾਰ ਨੂੰ ਪੇਪਰ ''ਚ ਨਕਲ ਕਰਵਾਉਣ ਲਈ ਵੀਰਪਾਲ ਨੂੰ ਕਿਹਾ ਸੀ ਪਰ ਉਸ ਨੇ ਮਨਾ ਕਰ ਦਿੱਤਾ ਸੀ। ਵਿਦਿਆਰਥਣ ਨੇ ਕਿਹਾ ਕਿ ਹੁਣ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਕਲਰਕ ਦੇ ਰਿਸ਼ਤੇਦਾਰ ਦੇ ਬੱਚੇ ਫੇਲ ਹੋ ਗਏ। ਫੇਲ ਹੋਣ ਦੀ ਰੰਜਿਸ਼ ''ਚ ਵਿਦਿਆਰਥੀਆਂ ਤੇ ਕਲਰਕ ਨੇ ਝੂਠਾ ਪ੍ਰਚਾਰ ਕੀਤਾ ਕਿ ਇਹ ਲੜਕੀ ਪ੍ਰੀਖਿਆ ''ਚ ਨਕਲ ਕਰ ਕੇ ਪਾਸ ਹੋਈ ਹੈ। ਵੀਰਪਾਲ ਕੌਰ ਨੇ ਦੱਸਿਆ ਕਿ ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਸਕੂਲ ਪ੍ਰਿੰਸੀਪਲ ਤੋਂ ਇਸ ਦੀ ਸ਼ਿਕਾਇਤ ਕੀਤੀ ਜਿਸ ''ਤੇ ਪ੍ਰਿੰਸੀਪਲ ਜਗਜੀਤ ਸਿੰਘ ਨੇ ਸ਼ੁੱਕਰਵਾਰ ਨੂੰ ਦੋਵਾਂ ਪੱਖਾਂ ਨੂੰ ਸਕੂਲ ਬੁਲਾਇਆ। ਸਕੂਲ ਆਉਣ ''ਤੇ ਫੇਲ ਵਿਦਿਆਰਥੀਆਂ ਨੇ ਵਿਦਿਆਰਥਣ ਨੂੰ ਗਾਲਾਂ ਕੱਢੀਆ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਪ੍ਰਿੰਸੀਪਲ ਨੇ ਪੁਲਸ ਨੂੰ ਸੂਚਨਾ ਦਿੱਤੀ ਤੇ ਪੁਲਸ ਨੇ ਦੋਸ਼ੀ ਵਿਦਿਆਰਥੀਆਂ ਤੇ ਕਲਰਕ ਨੂੰ ਹਿਰਾਸਤ ''ਚ ਲੈ ਲਿਆ ।
ਵਿਦਿਆਰਥਣ ਤੇ ਉਸ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੌਹੜਾ ਸਕੂਲ ਦੇ ਕਲਰਕ ਦੀ ਮਿਲੀਭੁਗਤ ਦੇ ਨਾਲ ਕੁਝ ਵਿਦਿਆਰਥੀਆਂ ਨੇ ਵੀਰਪਾਲ ਕੌਰ ''ਤੇ ਦੱਸਵੀਂ ਜਮਾਤ ''ਚ ਨਕਲ ਕਰ ਕੇ ਪਾਸ ਹੋਣ ਵਾਲੇ ਦੀ ਪੋਸਟ ਸੋਸ਼ਲ ਮੀਡਿਆ ''ਤੇ ਪਾ ਦਿੱਤੀ। ਇਸ ਕਾਰਨ ਉਹ ਮਾਨਸਿਕ ਤੌਰ ''ਤੇ ਪਰੇਸ਼ਾਨ ਹੋ ਗਈ। ਉਸ ਨੇ ਖੁਦਕੁਸ਼ੀ ਤਕ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਕੂਲ ਦੇ ਕਲਰਕ ''ਤੇ ਦੋਸ਼ ਲਗਾਇਆ ਕਿ ਉਹ ਵੀ ਇਸ ਕਾਰਵਾਈ ''ਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਸ਼ਾਮਲ ਸੀ, ਜਿਸ ਨੇ ਇਹ ਪੋਸਟ ਤਿਆਰ ਕੀਤੀ।